India International Punjab

ਨਰਿੰਦਰ ਮੋਦੀ ਨੇ ਝੂਠ ਬੋਲਣ ਦਾ ਠੇਕਾ ਲਿਆ ਹੋਇਆ ਹੈ : ਰਾਜੇਵਾਲ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ) :- ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੋਲਕਾਤਾ ਅਸੀਂ ਕਿਸੇ ਪਾਰਟੀ ਦਾ ਸਮਰਥਨ ਨਹੀਂ ਕਰਨ ਜਾ ਰਹੇ। ਅਸੀਂ ਉੱਥੇ ਸਿਰਫ ਲੋਕਾਂ ਨੂੰ ਬੀਜੇਪੀ ਦੇ ਖਿਲਾਫ ਲਾਮਬੰਦ ਕਰਨ ਤੇ ਬੀਜੇਪੀ ਨੂੰ ਵੋਟ ਨਾ ਦੇਣ ਦੀ ਅਪੀਲ ਕਰਨ ਜਾ ਰਹੇ ਹਾਂ।
ਕਿਸਾਨ ਲੀਡਰ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕੋਲਕਾਤਾ ਦੇ 294 ਹਲਕਿਆਂ ਵਿੱਚ ਸਾਡੀਆਂ 294 ਗੱਡੀਆਂ ਜਾਣਗੀਆਂ ਤੇ ਸਰਕਾਰ ਦੇ ਵਿਰੋਧ ਵਿੱਚ ਲਿਟਰੇਚਰ ਵੰਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਰੋਜ਼ 3 ਜਾਂ 4 ਰੈਲੀਆਂ ਕੀਤੀਆਂ ਜਾਣਗੀਆਂ। ਇਸ ਲਈ ਅਸਾਮ ‘ਚ ਦੋ ਟੀਮਾਂ ਪਹਿਲਾਂ ਹੀ ਜਾ ਚੁੱਕੀਆਂ ਹਨ। ਇਸ ਤੋਂ ਮਗਰੋਂ ਕਿਸਾਨ ਜਥੇਬੰਦੀਆਂ ਕੇਰਲਾ ਵੀ ਜਾਣਗੀਆਂ।


ਉਨ੍ਹਾਂ ਕਿਹਾ ਕਿ ਬੀਜੇਪੀ ਤਾਨਾਸ਼ਾਹੀ ਵਾਲਾ ਰਵੱਈਆ ਲੈ ਕੇ ਬੈਠੀ ਹੈ, ਜਿਸਦਾ ਨਤੀਜਾ ਭੁਗਤਣਾ ਪਵੇਗਾ। ਸਰਕਾਰ ਦੇ ਖਿਲਾਫ ਪੂਰਾ ਦੇਸ਼ ਲਾਮਬੰਦ ਕੀਤਾ ਜਾਵੇਗਾ। ਉਨ੍ਹਾਂ ਦੁੱਖ ਜਤਾਇਆ ਕਿ ਨੈਸ਼ਨਲ ਮੀਡਿਆ ਕਿਸਾਨਾਂ ਦੀਆਂ ਗਤੀਵਿਧੀਆਂ ਨੂੰ ਤਵੱਜੋ ਨਹੀਂ ਦੇ ਰਿਹਾ। ਕਿਸਾਨਾਂ ਵੱਲੋਂ 15 ਮਾਰਚ ਨੂੰ ਟਰੇਡ ਯੂਨੀਆਨਾਂ ਦੇ ਨਾਲ ਮਿਲ ਕੇ ਕਿਸਾਨ ਜਥੇਬੰਦੀਆਂ ਸਰਕਾਰ ਦੀਆਂ ਨਿੱਜੀਕਰਨ ਪੱਖੀ ਨੀਤੀਆਂ ਦਾ ਵਿਰੋਧ ਕਰਨਗੀਆਂ।


ਕਿਸਾਨ ਲੀਡਰ ਰਾਜੇਵਾਲ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਝੂਠ ਬੋਲਣ ਦਾ ਠੇਕਾ ਲਿਆ ਹੋਇਆ ਹੈ। ਇਸ ਝੂਠ ਦੇ ਖਿਲਾਫ ਪੂਰਾ ਦੇਸ਼ ਖੜ੍ਹਾ ਕੀਤਾ ਜਾਵੇਗਾ। ਕਿਸਾਨ ਜਥੇਬੰਦੀਆਂ ਵੱਲੋਂ 9 ਮੈਂਬਰੀ ਕਮੇਟੀ ਬਣਾਉਣ ਦੀਆਂ ਖਬਰਾਂ ‘ਤੇ ਸਪੱਸ਼ਟੀਕਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਨੈਸ਼ਨਲ ਬਾਡੀ ਪਹਿਲਾਂ ਹੀ ਸੱਤ ਮੈਂਬਰਾਂ ਦੀ ਸੀ, ਇਸ ਵਿੱਚ ਹੁਣ ਕਿਸਾਨ ਲੀਡਰ ਰਾਕੇਸ਼ ਟਿਕੈਤ ਦੇ ਭਾਈ ਤੇ ਜੋਗਿੰਦਰ ਸਿੰਘ ਉਗਰਾਹਾਂ ਨੂੰ ਸ਼ਾਮਿਲ ਕੀਤਾ ਗਿਆ। ਹੋਰ ਲੋਕ ਵੀ ਸਮੇਂ-ਸਮੇਂ ‘ਤੇ ਸ਼ਾਮਿਲ ਕੀਤੇ ਜਾ ਸਕਦੇ ਹਨ।


ਰਾਜੇਵਾਲ ਨੇ ਕਿਹਾ ਕਿ ਮੋਰਚੇ ਦੀ ਜਿੰਮੇਦਾਰੀ ਲਈ ਡਾ.ਦਰਸ਼ਨ ਪਾਲ ਤੇ ਹੋਰ ਲੀਡਰਾਂ ਨੂੰ ਤਾਇਨਾਤ ਕੀਤਾ ਗਿਆ ਹੈ। ਰਾਜੇਵਾਲ ਨੇ ਕਿਹਾ ਕਿ ਅਸੀਂ ਸਿਰਫ ਅੰਦੋਲਨ ਤੱਕ ਹੀ ਸੀਮਿਤ ਹਾਂ। ਪਿੰਡਾਂ ਦੇ ਪਿੰਡ ਇਸ ਲੜਾਈ ਵਿੱਚ ਸ਼ਾਮਿਲ ਹੋ ਰਹੇ ਹਨ।