‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਮੁਹਾਲੀ ਵਿੱਚ ਸਥਿਤ ਗੁਰਦੁਆਰਾ ਸੋਹਾਣਾ ਸਾਹਿਬ ਵਿਖੇ ਸਥਾਨਕ ਕਿਸਾਨਾਂ ਵੱਲੋਂ ਕਿਸਾਨ ਮੋਰਚੇ ਦੀ ਸਫਲਤਾ ਲਈ ਰੱਖੀ ਗਈ ਭੁੱਖ ਹੜਤਾਲ ਨੂੰ ਖਤਮ ਕੀਤਾ ਗਿਆ ਹੈ। ਇੱਥੇ ਸੁਖਮਨੀ ਸਾਹਿਬ ਜੀ ਪਾਠ ਦੇ ਭੋਗ ਪਾਏ ਗਏ, ਉਪਰੰਤ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਵੀ ਹਾਜ਼ਿਰ ਹੋਏ ਸਨ। ਉਨ੍ਹਾਂ ਨੂੰ ਵੀ ਸਥਾਨਕ ਕਿਸਾਨਾਂ ਵੱਲੋਂ ਸਨਮਾਨਿਤ ਕੀਤਾ ਗਿਆ।
ਰਾਜੇਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੇ ਫੈਸਲੇ ਮੁਤਾਬਕ ਅੱਜ ਅਸੀਂ ਪੰਜਾਬ ਵਿੱਚੋਂ ਧਰਨੇ ਚੁੱਕ ਰਹੇ ਹਾਂ। ਉਗਰਾਹਾਂ ਜਥੇਬੰਦੀ ਹਮੇਸ਼ਾ ਆਪਣਾ ਅਲੱਗ ਪ੍ਰੋਗਰਾਮ ਦਿੰਦੇ ਹਨ। ਰਾਜੇਵਾਲ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਨੇ ਟੋਲ ਦੇ ਰੇਟ ਵਧਾਏ ਤਾਂ ਅਸੀਂ ਬਹੁਤ ਜਲਦੀ ਫੈਸਲਾ ਕਰਕੇ ਦੁਬਾਰਾ ਟੋਲ ਪਲਾਜ਼ੇ ਬੰਦ ਕਰਵਾ ਦਿਆਂਗੇ। ਰਾਜੇਵਾਲ ਨੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਬਾਰੇ ਬੋਲਦਿਆਂ ਕਿਹਾ ਕਿ ਡੱਲੇਵਾਲ ਆਰਐੱਸਐੱਸ ਨਾਲ ਸਬੰਧ ਰੱਖਦਾ ਹੈ। ਡੱਲੇਵਾਲ ਸੰਯੁਕਤ ਕਿਸਾਨ ਮੋਰਚਾ ਤੋਂ ਇਲਾਵਾ ਕਿਸਾਨ ਮਹਾਂਸੰਘ ਦੇ ਵਾਈਸ ਪ੍ਰਧਾਨ ਹਨ।