‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਵਾਸੀਆਂ ਨੂੰ ਵਧਾਈ ਦਿੰਦਿਆਂ ਆਪਣੀ ਪ੍ਰੈੱਸ ਕਾਨਫਰੰਸ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਮੁਹਾਲੀ ਵਿੱਚ ਜੋ ਮੈਡੀਕਲ ਕਾਲਜ ਸੀ, ਉਸਦੀ ਅਪਰੂਵਲ ਦਾ ਪੱਤਰ ਆ ਗਿਆ ਹੈ ਅਤੇ ਹੁਣ ਅਸੀਂ ਮੈਡੀਕਲ ਦਾਖ਼ਲੇ ਦੀਆਂ ਨਵੀਆਂ ਕਲਾਸਾਂ ਸ਼ੁਰੂ ਕਰਨ ਜਾ ਰਹੇ ਹਾਂ। ਇਹ ਮੇਰੀ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਮੈਂ ਮੁਹਾਲੀ ਵਿੱਚ ਮੈਡੀਕਲ ਕਾਲਜ ਬਣਾਉਣ ਲਈ ਸਫ਼ਲ ਹੋਇਆ ਹਾਂ। ਸਿੱਧੂ ਦੇ ਨਾਲ ਗੁਰਪ੍ਰੀਤ ਸਿੰਘ ਕਾਂਗੜ ਵੀ ਪ੍ਰੈੱਸ ਕਾਨਫਰੰਸ ਵਿੱਚ ਮੌਜੂਦ ਸਨ। ਬਲਵੀਰ ਸਿੱਧੂ ਵੱਲੋਂ ਨਵੇਂ ਬਣ ਰਹੇ ਮੰਤਰੀਆਂ ਨੂੰ ਜਿੱਥੇ ਵਧਾਈ ਦਿੱਤੀ ਗਈ, ਉੱਥੇ ਹੀ ਆਪਣੇ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਹਾਈਕਮਾਂਡ ਨੂੰ ਆਪਣਾ ਕਸੂਰ ਪੁੱਛਿਆ।
ਬਲਬੀਰ ਸਿੱਧੂ ਨੇ ਕਿਹਾ ਕਿ ਮੇਰੀ ਤੀਜੀ ਪੀੜ੍ਹੀ ਕਾਂਗਰਸ ਪਾਰਟੀ ਵਿੱਚ ਹੈ ਅਤੇ ਮੈਂ ਕਾਂਗਰਸ ਪਾਰਟੀ ਦਾ ਸਿਪਾਹੀ ਹੈ। ਪ੍ਰੈਸ ਕਾਨਫਰੰਸ ਕਰਦੇ ਹੋਏ ਬਲਵੀਰ ਸਿੱਧੂ ਭਾਵੁਕ ਵੀ ਹੋ ਗਏ। ਉਹਨਾਂ ਕਿਹਾ ਜੇ ਅਸਤੀਫਾ ਦੇਣ ਨੂੰ ਕਿਹਾ ਹੁੰਦਾ ਤਾਂ ਮੈ ਸਭ ਤੋਂ ਪਹਿਲਾ ਅਸਤੀਫ਼ਾ ਦੇਣਾ ਸੀ। ਉਹ ਪਾਰਟੀ ਦੀ ਪਿਛਲੇ ਕਰੀਬ 28 ਸਾਲ ਤੋਂ ਸੇਵਾ ਕਰਦਾ ਆ ਰਹੇ ਹਨ। ਇਸ ਸਬੰਧ ‘ਚ ਬਲਵੀਰ ਸਿੱਧੂ ਵੱਲੋਂ ਹਾਈਕਮਾਂਡ ਨੂੰ ਚਿੱਠੀ ਲਿਖ ਕੇ ਨਾਰਾਜ਼ਗੀ ਜਾਹਿਰ ਕੀਤੀ ਗਈ ਹੈ। ਬਲਬੀਰ ਸਿੱਧੂ ਨੇ ਕੀ ਕਿਹਾ:
- ਬਲਬੀਰ ਸਿੱਧੂ ਨੇ ਕਿਹਾ ਕਿ ਹਾਈਕਮਾਂਡ ਵੱਲੋਂ ਜੋ ਫੈਸਲੇ ਲਏ ਗਏ, ਅਸੀਂ ਸਾਰੇ ਉਨ੍ਹਾਂ ਨੂੰ ਖਿੜੇ ਮੱਥੇ ਸਵੀਕਾਰ ਕਰਦੇ ਹਾਂ। ਜਦੋਂ ਸਾਨੂੰ ਵੋਟ ਪਾਉਣ ਲਈ ਕਿਹਾ ਗਿਆ ਸੀ ਕਿ ਤੁਸੀਂ ਕਿਸ ਉਮੀਦਵਾਰ ਨੂੰ ਪਸੰਦ ਕਰਦੇ ਹੋ ਤਾਂ ਮੈਂ ਉਨ੍ਹਾਂ ਨੂੰ ਫੌਨ ਕਰਕੇ ਕਿਹਾ ਸੀ ਕਿ ਮੇਰੀ ਵੋਟ ਸੋਨੀਆ ਗਾਂਧੀ ਦੀ ਵੋਟ ਹੈ। ਉਨ੍ਹਾਂ ਦਾ ਸਾਡੇ ਲਈ ਇਲਾਹੀ ਹੁਕਮ ਹੈ।
- ਅਸੀਂ ਚੰਨੀ ਦਾ ਮੁੱਖ ਮੰਤਰੀ ਵਜੋਂ ਸਵਾਗਤ ਕੀਤਾ। ਉਸ ਤੋਂ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਸਾਡਾ ਲੀਡਰ ਚੁਣਿਆ ਗਿਆ ਸੀ, ਅਸੀਂ ਉਦੋਂ ਵੀ ਸਵਾਗਤ ਕੀਤਾ। ਅਪ੍ਰੈਲ 2018 ਵਿੱਚ ਮੈਨੂੰ ਵਜ਼ੀਰ ਬਣਾਇਆ ਗਿਆ ਸੀ।
- ਕੋਰੋਨਾ ਮਹਾਂਮਾਰੀ ਦੌਰਾਨ ਅਸੀਂ ਇੱਕ ਵੀ ਬੰਦੇ ਲਾਸ਼ ਨੂੰ ਰੁਲਣ ਨਹੀਂ ਦਿੱਤਾ, ਇੱਕ ਵੀ ਬੰਦਾ ਆਕਸੀਜਨ, ਬੈੱਡ, ਦਵਾਈਆਂ ਦੀ ਕਮੀ ਤੋਂ ਬਗੈਰ ਨਹੀਂ ਜਾਣ ਦਿੱਤਾ। ਕੋਰੋਨਾ ਮਹਾਂਮਾਰੀ ਦੌਰਾਨ ਮੇਰਾ ਪੂਰਾ ਪਰਿਵਾਰ ਕੋਰੋਨਾ ਪਾਜ਼ੀਟਿਵ ਹੋ ਗਿਆ ਸੀ ਪਰ ਅਸੀਂ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਲੋਕਾਂ ਦੀ ਭਲਾਈ ਲਈ ਕੰਮ ਕੀਤਾ।
- ਮੇਰੇ ਕੰਮ ਦੀ ਪ੍ਰਸੰਸਾ ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ ਕੀਤੀ ਹੈ।
- ਹਾਈਕਮਾਂਡ ਮੇਰੀ ਮਾਂ ਹੈ ਪਰ ਮੈਂ ਹਾਈਕਮਾਂਡ ਤੋਂ ਆਪਣਾ ਕਸੂਰ ਪੁੱਛਣਾ ਚਾਹੁੰਦਾ ਹਾਂ। ਮੈਨੂੰ ਕੈਬਨਿਟ ਵਿੱਚੋਂ ਬਾਹਰ ਕਿਉਂ ਕੱਢਿਆ ਗਿਆ। ਕਿਸੇ ਬੰਦੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਤਾਂ ਉਸਦੀ ਵੀ ਆਖ਼ਰੀ ਇੱਛਾ ਪੁੱਛ ਲੈਂਦੇ ਹਨ। ਹਾਈਕਮਾਂਡ ਵੀ ਸਾਨੂੰ ਸਾਡੀ ਇੱਛਾ ਪੁੱਛ ਲੈਂਦੀ। ਸਾਨੂੰ 10 ਦਿਨ ਪਹਿਲਾਂ ਦੱਸ ਦਿੰਦੇ ਕਿ ਅਸੀਂ ਨਵੇਂ ਬੰਦੇ ਲਿਆਉਣੇ ਹਨ ਤੇ ਤੁਸੀਂ ਅਸਤੀਫ਼ਾ ਦੇ ਦਿਉ ਤਾਂ ਮੈਂ ਅਸਤੀਫ਼ਾ ਦੇਣ ਵਾਲਿਆਂ ਵਿੱਚ ਪਹਿਲਾਂ ਬੰਦਾ ਹੋਵਾਂਗਾ। ਸਾਨੂੰ ਜ਼ਲੀਲ ਕਰਕੇ ਕੱਢਣ ਦੀ ਲੋੜ ਨਹੀਂ ਸੀ।
- ਮੈਨੂੰ ਆਪਣੀ ਮਿਨਿਸਟਰੀ ਜਾਣ ਦਾ ਭੋਰਾ ਵੀ ਦੁੱਖ ਨਹੀਂ ਹੈ।
ਗੁਰਪ੍ਰੀਤ ਕਾਂਗੜ ਨੇ ਕੀ ਕਿਹਾ :
- ਮੈਂ ਬਿਜਲੀ ਵਿਭਾਗ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ 30 ਸਾਲਾਂ ਦੀਆਂ ਰੱਦੀ ਵਿੱਚੋਂ ਫਾਈਲਾਂ ਕਢਵਾ ਕੇ ਕਰੀਬ 22 ਕੁ ਦਿਨਾਂ ਵਿੱਚ 4300 ਬੱਚਿਆਂ ਨੂੰ ਨੌਕਰੀਆਂ ਦਿੱਤੀਆਂ।
- ਮੈਂ ਆਪਣਾ ਟੈਲੀਫੋਨ ਆਨਲਾਈਨ ਕਰ ਦਿੱਤਾ ਸੀ ਕਿ ਜਿੱਥੇ ਕਿਤੇ ਵੀ ਬਿਜਲੀ ਬੰਦ ਹੁੰਦੀ ਹੈ, ਉਹ ਮੇਰੇ ਨਾਲ ਸੰਪਰਕ ਕਰਨ ਅਤੇ ਮੈਂ ਰਾਤੋਂ-ਰਾਤ ਠੀਕ ਕਰਵਾ ਕੇ ਦੇਵਾਂਗੇ।
- ਮੁੱਖ ਮੰਤਰੀ ਚੰਨੀ ਦੇ ਹਰ ਹੁਕਮ ਦਾ ਅਸੀਂ ਸਵਾਗਤ ਕਰਦੇ ਹਾਂ। ਅਸੀਂ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕੀਤਾ ਹੈ।