ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ (Balbir Singh Seechewal) ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ (Shivraj Singh Chauhan) ਨਾਲ ਮੁਲਾਕਾਤ ਕਰਕੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਮੰਗ ਪੱਤਰ ਸੌਂਪੇ ਹਨ। ਬਲਬੀਰ ਸਿੰਘ ਨੇ ਸ਼ਿਵਰਾਜ ਸਿੰਘ ਚੌਹਾਨ ਨਾਲ ਮੁਲਾਕਾਤ ਕਰਕੇ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ ਹੈ। ਸੰਸਦ ਵਿੱਚ ਮੌਨਸੂਨ ਸੈਸ਼ਨ ਚੱਲ ਰਿਹਾ ਹੈ, ਇਸ ਮੌਕੇ ਉਨ੍ਹਾਂ ਨੇ ਮੁਲਕਾਤ ਕਰਕੇ ਕਿਸਾਨੀ ਮੰਗਾਂ ਮੰਨਣ ਦੀ ਬੇਨਤੀ ਕੀਤੀ ਹੈ।
ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਦੇਸ਼ ਹਿੱਤ ਵਿੱਚ ਹਨ ਅਤੇ ਕਿਸਾਨ ਮਜ਼ਦੂਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਹਨ। ਸੀਚੇਵਾਲ ਨੇ ਕਿਹਾ ਕਿ ਪਹਿਲੇ ਕਿਸਾਨ ਅੰਦੋਲਨ ਸਮੇਂ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਹੈ। ਇਸੇ ਕਾਰਨ ਹੀ ਕਿਸਾਨ ਮਜ਼ਦੂਰ ਅੰਦੋਲਨ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਖੇਤੀਬਾੜੀ ਮੰਤਰੀ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸੜਕਾਂ ‘ਤੇ ਨਾ ਰੋਕਿਆ ਜਾਵੇ। ਕਿਸਾਨਾਂ ਲਈ ਅਜਿਹਾ ਮਾਹੌਲ ਬਣਾਇਆ ਜਾਵੇ, ਜਿਸ ਨਾਲ ਉਹ ਸੜਕਾਂ ਦੀ ਬਜਾਏ ਖੇਤਾਂ ਵਿੱਚ ਆਰਾਮ ਨਾਲ ਕੰਮ ਕਰ ਸਕਣ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨ ਬਹੁਤ ਮਿਹਨਤੀ ਹਨ। ਉਹ ਸਖਤ ਮਿਹਨਤ ਕਰਦੇ ਹਨ ਪਰ ਉਨ੍ਹਾਂ ਨੂੰ ਬਣਦਾ ਹੱਕ ਨਹੀਂ ਮਿਲਦਾ। ਖੇਤੀਬਾੜੀ ਮੰਤਰੀ ਨੇ ਭਰੋਸਾ ਦਿੰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਉੱਤੇ ਵਿਚਾਰ ਕਰੇਗੀ ਅਤੇ ਮੰਗਾਂ ਦੇ ਹੱਲ ਕਰਨ ਲਈ ਕਦਮ ਚੁੱਕੇਗੀ। ਕਿਸਾਨ ਯੂਨੀਅਨ ਪੰਜਾਬ, ਸੁੰਯਕਤ ਕਿਸਾਨ ਮੋਰਚਾ ਸੁਲਤਾਨਪੁਰ ਲੋਧੀ, ਕਪੂਰਥਲਾ ਅਤੇ ਹੋਰ ਜਥੇਬੰਦੀਆਂ ਨੇ ਬਲਬੀਰ ਸਿੰਘ ਸੀਚੇਵਾਲ ਨੂੰ ਇਹ ਮੰਗ ਪੱਤਰ ਦੇਣ ਲਈ ਕਿਹਾ ਸੀ।
ਇਹ ਵੀ ਪੜ੍ਹੋ – ਵਿਦੇਸ਼ ’ਚ ਪੜ੍ਹਾਈ ਕਰਨੀ ਭਾਰਤੀਆਂ ਲਈ ਬਣੀ ਜਾਨਲੇਵਾ! ਕੈਨੇਡਾ ’ਚ ਹੋ ਰਹੀਆਂ ਸਭ ਤੋਂ ਵੱਧ ਮੌਤਾਂ