ਬਿਊਰੋ ਰਿਪੋਰਟ : ਕਹਿੰਦੇ ਹਨ ਹੌਸਲਾ ਬੁਲੰਦ ਹੋਏ ਅਤੇ ਕੁਝ ਕਰਨ ਗੁਜ਼ਰਨ ਦੀ ਚਾਹ ਅਤੇ ਜਜ਼ਬਾ ਹੋਵੇ ਤਾਂ ਉਮਰ ਕਦੇ ਵੀ ਰਸਤੇ ਵਿੱਚ ਨਹੀਂ ਆਉਂਦੀ ਹੈ । ਪੰਜਾਬ ਦੇ ਡਾਕਟਰ ਜੋੜੇ ਨੇ ਵੀ ਇਹ ਕਰ ਵਿਖਾਇਆ ਹੈ। ਜਲੰਧਰ ਦੀ ਰਹਿਣ ਵਾਲੀ 65 ਸਾਲ ਦੀ ਡਾਕਟਰ ਪੁਸ਼ਪਿੰਦਰ ਕੌਰ (PUSHPINDER KAUR) ਅਤੇ ਉਨ੍ਹਾਂ ਦੇ 73 ਸਾਲ ਦੇ ਪਤੀ ਡਾਕਟਰ ਬਲਬੀਰ ਸਿੰਘ (DR BALBIR SINGH ) ਨੇ ਆਪਣੇ ਹੌਸਲੇ ਨਾਲ ਇਹ ਸਾਬਿਤ ਕਰ ਦਿੱਤਾ ਹੈ । ਇੰਨਾਂ ਦੋਵਾਂ ਨੇ 15 ਹਜ਼ਾਰ ਫੁੱਟ ਦੀ ਉਚਾਈ ਤੋਂ ਸਕਾਈਡਾਈਵਿੰਗ (SKY DRIVING) ਕਰਕੇ ਰਿਕਾਰਡ ਬਣਾਇਆ ਹੈ । ਪੁਸ਼ਪਿੰਦਰ ਅਤੇ ਬਲਬੀਰ ਸਕਾਈਡਾਈਵਿੰਗ ਕਰਨ ਵਾਲਾ ਭਾਰਤ ਦਾ ਸਭ ਤੋਂ ਉਮਰ ਦਰਾਜ ਜੋੜਾ ਬਣ ਗਿਆ ਹੈ । ਰਿਕਾਰਡ ਬਣਾਉਣ ਤੋਂ ਬਾਅਦ ਡਾਕਟਰ ਜੋੜੇ ਨੇ ਜਿਹੜਾ ਸੁਨੇਹਾ ਦਿੱਤਾ ਹੈ ਉਹ ਹਰ ਇਕ ਲਈ ਜ਼ਿੰਦਗੀ ਜੀਉਣ ਦਾ ਸਭ ਤੋਂ ਵੱਡਾ ਫਲਸਫਾ ਬਣ ਗਿਆ ਹੈ। ਇਸ ਤੋਂ ਕੁਝ ਦਿਨ ਪਹਿਲਾਂ ਇਕ ਭਾਰਤੀ ਜੋੜੇ ਨੇ 90 ਸਾਲ ਦੀ ਉਮਰ ਵਿੱਚ ਐਵਰੇਟ ‘ਤੇ ਜਾਉਣ ਦੀ ਆਪਣੀ ਇੱਛਾ ਪੂਰੀ ਕੀਤੀ ਸੀ।
15 ਹਜ਼ਾਰ ਫੁੱਟ ਤੋਂ ਸਕਾਈਡਾਈਵਿੰਗ ਕਰਨ ਤੋਂ ਬਾਅਦ ਜਦੋਂ ਬਜ਼ੁਰਗ ਡਾਕਟਰ ਜੋੜੇ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਡਰ ਤਾਂ ਨਹੀਂ ਲੱਗਿਆ ਤਾਂ ਡਾਕਟਰ ਬਲਬੀਰ ਸਿੰਘ ਨੇ ਜਵਾਬ ਵਿੱਚ ਕਿਹਾ ‘ਇਹ ਜ਼ਿੰਦਗੀ ਦੁਬਾਰਾ ਨਹੀਂ ਮਿਲੇਗੀ’ ਇਸ ਲਈ ਉਹ ਆਪਣੀ ਜ਼ਿੰਦਗੀ ਦੀ ਹਰ ਇੱਛਾ ਪੂਰੀ ਕਰਨਾ ਚਾਉਂਦੇ ਹਨ। ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਬਚਪਨ ਤੋਂ ਉਹ ਪੰਛੀਆਂ ਨੂੰ ਵੇਖ ਦੇ ਹੁੰਦੇ ਸਨ ਤਾਂ ਹਮੇਸ਼ਾ ਇਹ ਮਹਿਸੂਸ ਕਰਦੇ ਸਨ ਕਿ ਅਸਮਾਨ ਤੋਂ ਦੁਨੀਆ ਕਿਵੇਂ ਦੀ ਲੱਗ ਦੀ ਹੋਵੇਗੀ। ਇਸ ਲਈ ਉਨ੍ਹਾਂ ਨੇ ਆਪਣੀ ਇੱਛਾ ਪੂਰੀ ਕਰਨ ਦੇ ਲਈ ਇਹ ਫੈਸਲਾ ਲਿਆ ਹੈ। ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਇਕ ਦੋਸਤ ਨੇ ਦੱਸਿਆ ਸੀ ਕਿ ਉਸ ਦੇ ਬੱਚੇ ਆਸਟ੍ਰੇਲੀਆ ਤੋਂ ਸਕਾਈਡਾਈਵਿੰਗ ਕਰਨ ਆਏ ਸਨ ਤਾਂ ਉਨ੍ਹਾਂ ਦੀ ਦਬੀ ਹੋਈ ਇੱਛਾ ਜਾਗ ਪਈ । ਬਜ਼ੁਰਗ ਜੋੜੇ ਨੂੰ ਪਤਾ ਚੱਲਿਆ ਸੀ ਨਾਰਨੌਲ ਫਲਾਇੰਗ ਕਲੱਬ (NARNAUL FLYING CLUB) ਵਿੱਚ ਸਕਾਈਡਾਈਵਿੰਗ ਹੁੰਦੀ ਹੈ ਤਾਂ ਬਲਬੀਰ ਸਿੰਘ ਨੇ ਆਪਣੀ ਪਤਨੀ ਨੂੰ ਮਨਾਇਆ ਅਤੇ ਪਹੁੰਚ ਗਏ ਨਾਰਨੌਲ। ਬਲਬੀਰ ਸਿੰਘ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਪਤਨੀ ਨੂੰ ਕਿਹਾ ਮੈਂ ਪਹਿਲਾਂ ਛਾਲ ਮਾਰਾਂਗਾ ਜੇਕਰ ਉਨ੍ਹਾਂ ਨੂੰ ਕੁਝ ਨਹੀਂ ਹੋਇਆ ਤਾਂ ਉਹ ਛਾਲ ਮਾਰੇਗੀ। ਪਰ ਨਿਯਮ ਮੁਤਾਬਿਕ ਜਿਸ ਦਾ ਭਾਰ ਘੱਟ ਹੁੰਦਾ ਸੀ ਉਹ ਪਹਿਲਾਂ ਛਾਲ ਮਾਰਦਾ ਸੀ ਇਸ ਲਿਹਾਜ਼ ਨਾਲ ਪਹਿਲਾਂ ਪਤਨੀ ਨੇ ਛਾਲ ਮਾਰੀ ਫਿਰ ਉਨ੍ਹਾਂ ਨੇ ਛਾਲ ਮਾਰੀ ।
ਡਾਕਟਰ ਬਲਬੀਰ ਸਿੰਘ ਨੇ ਸਕਾਈਡਾਈਵਿੰਗ ਦਾ ਆਪਣਾ ਤਜ਼ੁਰਬਾ ਦੱਸ ਦੇ ਹੋਏ ਕਿਹਾ 5 ਹਜ਼ਾਰ ਫੁੱਟ ਤੱਕ ਕੋਈ ਵੀ ਵਿਅਕਤੀ ਸਿੱਧਾ ਜਾਂਦਾ ਹੈ। ਉਸ ਤੋਂ ਬਾਅਦ ਪੈਰਾਸ਼ੂਟ ਖੁੱਲ ਦਾ ਹੈ ਜਿਸ ਤੋਂ ਬਾਅਦ ਅਸਮਾਨ ਤੋਂ ਹੇਠਾਂ ਬਹੁਤ ਹੀ ਖ਼ੂਬਸੂਰਤ ਨਜ਼ਾਰਾ ਵਿਖਾਈ ਦਿੰਦਾ ਹੈ । ਉਧਰ ਜਦੋਂ ਡਾਕਟਰ ਪੁਸ਼ਪਿੰਦਰ ਨੂੰ ਪੁੱਛਿਆ ਕਿ ਉਹ ਕਿਵੇਂ ਸਕਾਈਡਾਈਵਿੰਗ ਦੇ ਲਈ ਤਿਆਰ ਹੋਏ ਤਾਂ ਉਨ੍ਹਾਂ ਨੇ ਦੱਸਿਆ ਕਿ ਜਦੋਂ ਪਤੀ ਬਲਬੀਰ ਸਿੰਘ ਨੇ ਉਨ੍ਹਾਂ ਦੇ ਨਾਲ ਆਪਣਾ ਸੁਪਣਾ ਸਾਂਝਾ ਕੀਤਾ ਤਾਂ ਮੈਂ ਪੁੱਛਿਆ ਕਿ ਇਸ ਉਮਰ ਵਿੱਚ ਉਹ ਅਜਿਹਾ ਕਿਉਂ ਕਰਨਾ ਚਾਉਂਦੇ ਹਨ ਤਾਂ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਆਪਣੀ ਹਰ ਇੱਛਾ ਪੂਰੀ ਕਰਨਾ ਚਾਉਂਦੇ ਹਨ। ਇਸ ਤੋਂ ਬਾਅਦ ਡਾਕਟਰ ਜੋੜੇ ਨੇ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ। ਸਭ ਤੋਂ ਪਹਿਲਾਂ ਭਾਰ ਘਟਾਉਣ ਦੇ ਲਈ ਦੋਵਾਂ ਨੇ ਯੋਗਾ ਸ਼ੁਰੂ ਕੀਤਾ ਅਤੇ ਫਿਰ ਆਪਣੀ ਡਾਇਟ (DIET) ‘ਤੇ ਕੰਟਰੋਲ ਕੀਤਾ। ਡਾਕਟਰ ਪੁਸ਼ਪਿੰਦਰ ਨੇ ਦੱਸਿਆ ਕਿ ਛਾਲ ਮਾਰਨ ਤੋਂ ਬਾਅਦ ਉਨ੍ਹਾਂ ਨੂੰ ਬਿਲਕੁਲ ਵੀ ਡਰ ਨਹੀਂ ਲੱਗਿਆ ਜਦੋਂ ਉਹ ਹਵਾ ਵਿੱਚ ਸਨ ਤਾਂ ਉਨ੍ਹਾਂ ਨੇ ਸੋਚਿਆ ਕਿ ਅਸੀਂ ਏਨੀ ਦੂਰ ਆ ਗਏ ਹਾਂ ਹੁਣ ਡਰ ਕਿਸ ਚੀਜ਼ ਦਾ ਹੈ।