Punjab

ਪੌਂਗ ਤੇ ਭਾਖੜਾ ਦੇ ਗੇਟ ਖੁੱਲਦੇ ਹੀ ਪਿੰਡਾਂ ‘ਚ ਪਾਣੀ ਭਰਿਆ ! ਅੱਧੇ-ਅੱਧੇ ਘਰ ਡੁੱਬੇ, ਪਿੰਡਾਂ ‘ਚ ਲੋਕ ਛੱਤਾਂ ‘ਤੇ ਚੜੇ !

ਬਿਊਰੋ ਰਿਪੋਰਟ : ਹਿਮਾਚਲ ਵਿੱਚ ਹੋ ਰਿਹਾ ਤੇਜ਼ ਮੀਂਹ ਪੰਜਾਬ ਵਿੱਚ ਮੁੜ ਤੋਂ ਹੜ੍ਹ ਦਾ ਕਾਰਨ ਬਣ ਗਿਆ ਹੈ । ਪਾਣੀ ਦਾ ਪੱਧਰ ਵਧਣ ਦੀ ਵਜ੍ਹਾ ਕਰਕੇ ਭਾਖੜਾ ਅਤੇ ਪੌਂਗ ਡੈਮ ਤੋਂ ਪਾਣੀ ਛੱਡਿਆ ਗਿਆ ਹੈ । BBMB ਨੇ ਭਾਖੜਾ ਅਤੇ ਪੌਂਗ ਡੈਮ ਦੇ ਫਲਡ ਗੇਟ ਖੋਲ ਦਿੱਤੇ ਹਨ। ਜਿਸ ਦੇ ਬਾਅਦ ਪੰਜਾਬ ਵਿੱਚ ਇੱਕ ਵਾਰ ਮੁੜ ਤੋਂ ਹੜ੍ਹ ਆ ਗਿਆ ਹੈ । ਬਿਆਸ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ ਅਤੇ ਹੁਸ਼ਿਆਰਪੁਰ ਦੇ ਚਕਮੀਰਪੁਰ ਦੇ ਕੋਲ ਧੁੱਸੀ ਬੰਨ੍ਹ ਇੱਕ ਵਾਰ ਮੁੜ ਤੋਂ ਟੁੱਟ ਗਿਆ ਹੈ ਅਤੇ ਪਾਣੀ ਆਲੇ ਦੁਆਲੇ ਦੇ ਪਿੰਡਾਂ ਵਿੱਚ ਵੜ ਗਿਆ ਹੈ ।

ਉੱਧਰ ਰੋਪੜ ਵਿੱਚ ਹਾਲਾਤ ਵਿਗੜ ਗਏ ਹਨ ਹੇਠਲੇ ਇਲਾਕਿਆਂ ਵਿੱਚ ਵੀ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ। ਪਿੰਡ ਸ਼ਾਹਪੁਰ ਬੇਲਾ ਦੇ ਰਹਿਣ ਵਾਲੇ ਲੋਕ ਚਾਰੋ ਪਾਸੇ ਤੋਂ ਪਾਣੀ ਨਾਲ ਘਿਰ ਗਏ ਹਨ । ਪਿੰਡ ਵਾਲਿਆਂ ਦਾ ਸਰਕਾਰ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਨਾ ਤਾਂ ਪਾਣੀ ਛੱਡਣ ਬਾਰੇ ਪਹਿਲਾਂ ਜਾਣਕਾਰੀ ਦਿੱਤੀ ਨਾ ਹੀ ਸੁਰੱਖਿਆ ਦਾ ਕੋਈ ਇੰਤਜ਼ਾਮ ਕੀਤਾ ।

NDRF ਦੀਆਂ ਟੀਮਾਂ ਨੇ ਸੰਭਾਲਿਆ ਮੋਰਚਾ

ਪਿੰਡਾਂ ਦੇ ਹੇਠਲੇ ਇਲਾਕਿਆਂ ਵਿੱਚ ਪਾਣੀ ਭਰ ਜਾਣ ਦੀ ਇਤਲਾਹ ਮਿਲਣ ਦੇ ਬਾਅਦ NDRF ਦੀਆਂ ਟੀਮਾਂ ਨੇ ਮੋਰਚਾ ਸੰਭਾਲ ਲਿਆ ਹੈ । ਸ਼ਹੀਦ ਜਤਿੰਦਰ ਸਿੰਘ ਦਾ ਘਰ ਪਾਣੀ ਵਿੱਚ ਡੁੱਬ ਗਿਆ ਹੈ । ਕੁਝ ਲੋਕਾਂ ਨੇ ਮਿਲ ਕੇ ਪਰਿਵਾਰ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਇਆ ਹੈ ।

ਡੈਮ ਵਿੱਚ ਪਾਣੀ ਦਾ ਪੱਧਰ

ਜਾਣਕਾਰੀ ਦੇ ਮੁਤਾਬਿਕ ਭਾਖੜਾ ਵਿੱਚ ਪਾਣੀ ਦਾ ਪੱਧਰ 1678 ਫੁੱਟ ਤੱਕ ਪਹੁੰਚ ਗਿਆ ਸੀ । ਜੋ ਖਤਰੇ ਦੇ ਨਿਸਾਨ ਤੋਂ ਸਿਰਫ਼ 2 ਫੁੱਟ ਹੇਠਾਂ ਸੀ ਇਸ ਲਈ ਡੈਮ ਦੇ ਫਲਡ ਗੇਟ ਖੋਲਣ ਦਾ ਫੈਸਲਾ ਲਿਆ ਗਿਆ ਸੀ । ਗੇਟ ਕਿੰਨੇ ਉੱਚੇ ਚੁੱਕੇ ਗਏ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ ਪਰ 1988 ਵਿੱਚ ਗੇਟ 4 ਫੁੱਟ ਤੱਕ ਖੋਲੇ ਗਏ ਸਨ । ਉੱਧਰ BBMB ਨੇ ਦੱਸਿਆ ਹੈ ਕਿ ਪੌਂਗ ਡੈਮ ਤੋਂ 1.50 ਕਿਉਸਿਕ ਪਾਣੀ ਛੱਡਿਆ ਗਿਆ ਹੈ । ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1400 ਫੁੱਟ ਨੂੰ ਪਾਰ ਕਰ ਗਿਆ ਹੈ । ਜਿਸ ਦੇ ਬਾਅਦ 1,14,785 ਕਿਉਸਿਕ ਪਾਣੀ ਛੱਡਿਆ ਗਿਆ ਹੈ ।