ਬਿਊਰੋ ਰਿਪੋਰਟ : ਵਿਸਾਖੀ ਮਨਾਉਣ ਪਾਕਿਸਤਾਨ ਗਏ ਸਿੱਖ ਸ਼ਰਧਾਲੂ ਨੂੰ ਲੈਕੇ ਮਾੜੀ ਖਬਰ ਸਾਹਮਣੇ ਆਈ ਹੈ, ਇੱਕ ਸ਼ਰਧਾਲੂ ਦੀ ਮੌਤ ਹੋ ਗਈ ਹੈ, ਦਿਲ ਦਾ ਦੌਰਾ ਪੈਣ ਨਾਲ ਜੋਗਿੰਦਰ ਸਿੰਘ ਦੀ ਮੌਤ ਹੋ ਗਈ ਹੈ, ਉਹ ਜਲੰਧਰ ਦੇ ਗੁਰੂ ਤੇਗ ਬਹਾਦਰ ਨਗਰ ਦੇ ਰਹਿਣ ਵਾਲੇ ਸਨ। ਪਾਕਿਸਤਾਨ ਸਰਕਾਰ ਨੇ ਮ੍ਰਿਤਕ ਦੇਹ ਦਾ ਸਰਟਿਫਿਕੇਟ ਜਾਰੀ ਕਰ ਦਿੱਤਾ ਹੈ ਅਤੇ ਜਲਦ ਹੀ ਅਟਾਰੀ ਸਰਹੱਦ ਦੇ ਰਾਹੀ ਉਨ੍ਹਾਂ ਦੀ ਮ੍ਰਿਤਕ ਦੇਹ ਭਾਰਤ ਲਿਆਈ ਜਾਵੇਗੀ ।
ਜਲੰਧਰ ਦੇ ਰਹਿਣ ਵਾਲੇ ਜੋਗਿੰਦਰ ਸਿੰਘ 9 ਅਪ੍ਰੈਲ ਨੂੰ ਜੱਥੇ ਦੇ ਆਗੂ ਅਮਰਜੀਤ ਸਿੰਘ ਦੇ ਨਾਲ ਪਾਕਿਸਤਾਨ ਗਏ ਸਨ,ਉਹ ਫਿਲਹਾਲ ਨਨਕਾਣਾ ਸਾਹਿਬ ਹੀ ਪਹੁੰਚੇ ਸਨ,ਇਸੀ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਜੋਗਿੰਦਰ ਸਿੰਘ ਨੂੰ ਹਸਪਤਾਲ ਵੀ ਲਿਜਾਇਆ ਗਿਆ ਸੀ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ, 71 ਸਾਲ ਦੇ ਜੋਗਿੰਦਰ ਸਿੰਘ ਦਾ ਪਾਸਪੋਰਟ ਨੰਬਰ PP#N4162995 ਹੈ, ਉਹ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਕਮਰਾ ਨੰਬਰ 256 ਬਲਾਕ ਨੰਬਰ 5 ਵਿੱਚ ਰੁਕੇ ਹੋਏ ਸਨ ਜਦੋਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ । ਪਾਕਿਸਤਾਨ ਔਕਾਫ ਬੋਰਡ ਦੇ ਮੁਲਾਜ਼ਮਾਂ ਵੱਲੋਂ ਉਨ੍ਹਾਂ ਨੂੰ ਹਸਪਤਾਲ ਡੀਐੱਚਕਿਊ ਲਿਜਾਇਆ ਗਿਆ ਸੀ । ਮ੍ਰਿਤਕ ਜੋਗਿੰਦਰ ਸਿੰਘ ਦੇ ਸਾਥੀਆਂ ਦਾ ਕਹਿਣਾ ਹੈ ਕਿ ਉਹ ਸਾਹ ਦੀ ਬਿਮਾਰੀ ਤੋਂ ਪੀੜਤ ਸੀ।
ਧਾਰਮਿਕ ਮਾਮਲਿਆਂ ਦੇ ਮੰਤਰਾਲੇ ਅਤੇ ਗਿਲਾਨੀ ਸਮੇਤ ਹੋਰ ਸੰਸਥਾਵਾਂ ਦੇ ਅਧਿਕਾਰੀਆਂ ਨੇ ਜੋਗਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਮ੍ਰਿਤਕ ਦੇਹ ਪਰਿਵਾਰ ਨੂੰ ਸਪੁਰਦ ਕੀਤੀ ਜਾਵੇਗੀ । ਵਿਸਾਖੀ ਮਨਾਉਣ ਤੋਂ ਬਾਅਦ 18 ਅਪ੍ਰੈਲ ਨੂੰ ਜੱਥਾ ਭਾਰਤ ਪਰਤੇਗਾ,ਵਿਸਾਖੀ ਦੇ ਮੌਕੇ ਪਾਕਿਸਤਾਨ ਹਾਈ ਕਮਿਸ਼ਨ ਨੇ 2,856 ਵੀਜ਼ਾ ਜਾਰੀ ਕੀਤੇ ਸਨ । 9-18 ਅਪ੍ਰੈਲ 2023 ਤੱਕ ਜੱਥਾ ਪਾਕਿਸਤਾਨ ਦੇ ਡੇਰਾ ਸਾਹਿਬ,ਪੰਜਾ ਸਾਹਿਬ,ਨਨਕਾਣਾ ਸਾਹਿਬ,ਕਰਤਾਰਪੁਰ ਸਾਹਿਬ ਦੇ ਗੁਰਦੁਆਰਿਆਂ ਦੇ ਦਰਸ਼ਨ ਕਰੇਗਾ ।