‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਨਜੀਤ ਸਿੰਘ ਬੈਂਸ ਨੇ ਕਿਸਾਨ ਲੀਡਰਾਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਦੋ-ਦੋ, ਤਿੰਨ-ਤਿੰਨ ਲੀਡਰ ਆਏ, ਇਸ ਗੱਲ ‘ਤੇ ਮੈਂ ਆਪਣਾ ਇਹ ਰੋਸ ਅੰਦਰ ਦਰਜ ਕਰਾ ਕੇ ਆਇਆ ਹਾਂ। ਮੈਂ ਰਾਜੇਵਾਲ ਨੂੰ ਅੰਦਰ ਕਹਿ ਕੇ ਆਇਆ ਹਾਂ ਕਿ ਤੁਸੀਂ ਸਾਨੂੰ ਮੀਟਿੰਗ ਲਈ ਕਿਉਂ ਨਹੀਂ ਸੱਦਿਆ ਸੀ, ਕੀ ਤੁਸੀਂ ਸਾਨੂੰ ਰਾਜਨੀਤਿਕ ਪਾਰਟੀ ਨਹੀਂ ਗਿਣਦੇ। ਸਾਨੂੰ ਵਿਧਾਨ ਸਭਾ ਦੇ ਅੰਦਰ ਵਿਧਾਨ ਸਭਾ ਸਕੱਤਰੇਤ ਵੱਲੋਂ ਲੋਕ ਇਨਸਾਫ਼ ਪਾਰਟੀ ਨੂੰ ਦਫ਼ਤਰ ਮਿਲਿਆ ਹੋਇਆ ਹੈ। ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਦੀ ਮੀਟਿੰਗ ਲਈ ਵੀ ਨਹੀਂ ਬੁਲਾਇਆ ਗਿਆ ਸੀ ਅਤੇ ਅਸੀਂ ਜ਼ਬਰਦਸਤੀ ਉਨ੍ਹਾਂ ਤੋਂ ਸਮਾਂ ਲਿਆ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਅਸੀਂ ਕਿਸਾਨਾਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ। ਤੁਸੀਂ ਉਨ੍ਹਾਂ ਪਾਰਟੀਆਂ ਨੂੰ ਸੱਦਿਆ, ਜਿਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਸੀ ਕਿ ਸਾਡੇ ਇੱਕ ਇਸ਼ਾਰੇ ‘ਤੇ ਇਨ੍ਹਾਂ ਨੂੰ ਭੱਜਣ ਦਾ ਰਾਹ ਨਹੀਂ ਮਿਲਣਾ। ਸਾਨੂੰ ਸੱਦਣ ਤੋਂ ਗੁਰੇਜ਼ ਕਿਉਂ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਕਿਸਾਨ ਲੀਡਰਾਂ ਵੱਲੋਂ ਸਾਰੇ ਸਿਆਸੀ ਲੀਡਰਾਂ ਦੀ ਇਕੱਠੀ ਮੀਟਿੰਗ ਕੀਤੀ ਜਾਣੀ ਸੀ ਪਰ ਅੱਜ ਸਵੇਰੇ ਸਾਰੀਆਂ ਸਿਆਸੀ ਪਾਰਟੀਆਂ ਦੀ ਮੀਟਿੰਗ ਵੱਖ-ਵੱਖ ਫ਼ੇਜ਼ਾਂ ਵਿੱਚ ਕਰਵਾਉਣ ਦਾ ਫੈਸਲਾ ਹੋਇਆ। ਪਹਿਲਾਂ ਸਾਰੀਆਂ ਪਾਰਟੀਆਂ ਨੂੰ ਇਕੱਠਾ ਸਮਾਂ ਦਿੱਤਾ ਗਿਆ ਸੀ। ਬੈਂਸ ਨੇ ਕਿਹਾ ਕਿ ਕਿਸਾਨ ਸਭ ਤੋਂ ਮਹੱਤਵਪੂਰਨ ਹਨ। ਕਿਸੇ ਵੀ ਤਰ੍ਹਾਂ ਦੀ ਸਿਆਸੀ ਰੈਲੀ ਜਾਂ ਇਕੱਠ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮੈਂ ਮਿਊਂਸਪਲ ਚੋਣਾਂ ਦੌਰਾਨ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਚੋਣਾਂ ਨਹੀਂ ਕਰਵਾਈਆਂ ਜਾਣੀਆਂ ਚਾਹੀਦੀਆਂ।