The Khalas Tv Blog India ਮੌਸਮ ਦੀ ਮਾਰ : ਖਰਾਬੇ ਦਾ ਜਾਇਜ਼ਾ ਲੈਣ ਕੇਂਦਰ ਤੋਂ ਅੱਜ ਆ ਰਹੀਆਂ ਟੀਮਾਂ…
India Khetibadi Punjab

ਮੌਸਮ ਦੀ ਮਾਰ : ਖਰਾਬੇ ਦਾ ਜਾਇਜ਼ਾ ਲੈਣ ਕੇਂਦਰ ਤੋਂ ਅੱਜ ਆ ਰਹੀਆਂ ਟੀਮਾਂ…

bad crop: Teams coming from the center to assess the damage today...

ਮੌਸਮ ਦੀ ਮਾਰ : ਖਰਾਬੇ ਦਾ ਜਾਇਜ਼ਾ ਲੈਣ ਕੇਂਦਰ ਤੋਂ ਅੱਜ ਆ ਰਹੀਆਂ ਟੀਮਾਂ...

ਚੰਡੀਗੜ੍ਹ : ਕੇਂਦਰੀ ਖੁਰਾਕ ਮੰਤਰਾਲੇ ਦੀਆਂ ਚਾਰ ਕੇਂਦਰੀ ਟੀਮਾਂ ਅੱਜ ਪੰਜਾਬ ਵਿਚ ਬੇਮੌਸਮੇ ਮੀਂਹ ਤੇ ਝੱਖੜ ਨਾਲ ਕਣਕ ਦੀ ਨੁਕਸਾਨੀ ਫ਼ਸਲ ਦਾ ਜਾਇਜ਼ਾ ਲੈਣਗੀਆਂ। ਇਹ ਟੀਮਾਂ ਅੱਜ ਚੰਡੀਗੜ੍ਹ ਪੁੱਜ ਗਈਆਂ ਹਨ ਅਤੇ ਭਲਕੇ ਸੂਬਾਈ ਅਫ਼ਸਰਾਂ ਦੇ ਨਾਲ ਸਾਂਝਾ ਦੌਰਾ ਆਰੰਭ ਕਰਨਗੀਆਂ।

ਐਤਕੀਂ ਬਾਰਸ਼ਾਂ ਨੇ ਕਣਕ ਦੀ ਗੁਣਵੱਤਾ ਨੂੰ ਏਨੀ ਢਾਹ ਲਾਈ ਹੈ ਕਿ ਫ਼ਸਲ ਦਾ ਕੇਂਦਰੀ ਮਾਪਦੰਡਾਂ ’ਤੇ ਖਰਾ ਉੱਤਰਨਾ ਮੁਸ਼ਕਲ ਹੈ। ਪੰਜਾਬ ਸਰਕਾਰ ਨੇ ਕੇਂਦਰੀ ਮਾਪਦੰਡਾਂ ਵਿਚ ਢਿੱਲ ਦੇਣ ਅਤੇ ਬਿਨਾਂ ਕਿਸੇ ਕਟੌਤੀ ਤੋਂ ਫ਼ਸਲ ਦੀ ਖ਼ਰੀਦ ਕਰਨ ਦੀ ਗੁਹਾਰ ਲਗਾਈ ਹੈ।

ਕੇਂਦਰੀ ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਦਿੱਲੀ ’ਚ ਕਿਹਾ ਕਿ ਪੰਜਾਬ ਤੇ ਹਰਿਆਣਾ ’ਚ ਫ਼ਸਲੀ ਨੁਕਸਾਨ ਦੇ ਮੱਦੇਨਜ਼ਰ ਗੁਣਵੱਤਾ ਦੇ ਕੇਂਦਰੀ ਮਾਪਦੰਡਾਂ ਵਿਚ ਢਿੱਲ ਦੇਣ ਬਾਰੇ ਫ਼ੈਸਲਾ ਜਲਦ ਕਰਾਂਗੇ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ 16 ਜ਼ਿਲ੍ਹਿਆਂ ਅਤੇ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਵਿਚ ਨੁਕਸਾਨ ਦਾ ਪਤਾ ਲੱਗਾ ਹੈ ਅਤੇ ਇਨ੍ਹਾਂ ਦੋਵਾਂ ਸੂਬਿਆਂ ਵਿਚ ਕਣਕ ਦੀ ਪੈਦਾਵਾਰ ਪ੍ਰਭਾਵਿਤ ਹੋਣ ਦਾ ਅਨੁਮਾਨ ਹੈ। ਫ਼ਸਲੀ ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਣ ਮਗਰੋਂ ਖ਼ਰੀਦ ਨਿਯਮਾਂ ਵਿਚ ਢਿੱਲ ਦੇਣ ਬਾਰੇ ਅਗਲੇ ਹਫ਼ਤੇ ਫ਼ੈਸਲਾ ਲਵਾਂਗੇ।

ਕੇਂਦਰੀ ਖੁਰਾਕ ਸਕੱਤਰ ਚੋਪੜਾ ਨੇ ਫ਼ਸਲ ਦੀ ਖ਼ਰੀਦ ਦੇ ਸਰਕਾਰੀ ਭਾਅ ਵਿਚ ਕੋਈ ਕਟੌਤੀ ਕੀਤੇ ਜਾਣ ਬਾਰੇ ਚੁੱਪ ਹੀ ਵੱਟੀ ਹੈ। ਕੇਂਦਰੀ ਖੁਰਾਕ ਮੰਤਰਾਲੇ ਨੇ ਪੰਜਾਬ ਦੇ ਖੁਰਾਕ ਤੇ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਪੱਤਰ ਭੇਜ ਕੇ ਭਾਰਤੀ ਖ਼ੁਰਾਕ ਨਿਗਮ ਦੇ ਉਨ੍ਹਾਂ ਅੱਠ ਅਫ਼ਸਰਾਂ ਦੀ ਸੂਚੀ ਭੇਜੀ ਹੈ ਜਿਨ੍ਹਾਂ ਵੱਲੋਂ ਭਲਕੇ ਤੋਂ ਕਣਕ ਦੇ ਨਮੂਨੇ ਲਏ ਜਾਣਗੇ। ਇਨ੍ਹਾਂ ਟੀਮਾਂ ਵੱਲੋਂ ਨਮੂਨੇ ਐੱਫਸੀਆਈ ਦੀ ਖੇਤਰੀ ਲੈਬਾਰਟਰੀ ਵਿਚ ਭੇਜੇ ਜਾਣਗੇ ਅਤੇ ਜਿਨ੍ਹਾਂ ਦੀ ਰਿਪੋਰਟ ਜਲਦੀ ਕੇਂਦਰੀ ਮੰਤਰਾਲੇ ਕੋਲ ਭੇਜੀ ਜਾਵੇਗੀ।

ਦੂਜੇ ਪਾਸੇ ਸੂਬਾ ਸਰਕਾਰ ਨੇ ਮੰਗ ਕੀਤੀ ਹੈ ਕਿ ਖ਼ਰੀਦ ਮਾਪਦੰਡਾਂ ਵਿਚ 6 ਫ਼ੀਸਦੀ ਤੱਕ ਨੁਕਸਾਨੀ ਦਾਣੇ ਦੀ, 12 ਫ਼ੀਸਦੀ ਘੱਟ ਨੁਕਸਾਨ ਵਾਲੇ ਦਾਣੇ, 15 ਫ਼ੀਸਦੀ ਤੱਕ ਦਾਣੇ ਦੀ ਟੁੱਟ ਅਤੇ 100 ਫ਼ੀਸਦੀ ਤੱਕ ਲਸਟਰ ਲੌਸ ਦੀ ਢਿੱਲ ਦਿੱਤੀ ਜਾਵੇ। ਚੇਤੇ ਰਹੇ ਕਿ ਪੰਜਾਬ ਵਿਚ 13.60 ਲੱਖ ਹੈਕਟੇਅਰ ਕਣਕ ਦੀ ਫ਼ਸਲ ਦਾ ਨੁਕਸਾਨ ਹੋ ਚੁੱਕਾ ਹੈ। ਘਰਾਂ ਅਤੇ ਬਾਗ਼ਾਂ ਨੂੰ ਵੱਡੀ ਸੱਟ ਵੱਜੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਜਿੱਥੇ ਮੁਆਵਜ਼ੇ ਦੀ ਰਾਸ਼ੀ ਵਿਚ 25 ਫ਼ੀਸਦੀ ਦਾ ਵਾਧਾ ਕੀਤਾ ਹੈ, ਉੱਥੇ ਸਹਿਕਾਰੀ ਬੈਂਕਾਂ ਦੇ ਕਰਜ਼ੇ ਵੀ ਮੁਲਤਵੀ ਕਰ ਦਿੱਤੇ ਹਨ। ਪੰਜਾਬ ਸਰਕਾਰ ਵਿਸਾਖੀ ਦਿਹਾੜੇ ’ਤੇ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਦੇਣਾ ਚਾਹੁੰਦੀ ਹੈ। ਸੂਬੇ ਵਿਚ ਇਸ ਵੇਲੇ ਗਿਰਦਾਵਰੀ ਦਾ ਕੰਮ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ।

Exit mobile version