Punjab

ਪੰਜਾਬ ਵਿੱਚ ਸਿਹਤ ਸੇਵਾਵਾਂ ਦਾ ਬੁਰਾ ਹਾਲ, 50 ਡਾਕਟਰਾਂ ਨੇ ਕਿਹਾ ਨੌਕਰੀ ਨੂੰ ਅਲਵਿਦਾ

ਪੰਜਾਬ ਵਿੱਚ ਸਿਹਤ ਸੇਵਾਵਾਂ ਦਾ ਇੰਨਾ ਬੁਰਾ ਹਾਲ ਹੋ ਚੁੱਕਾ ਹੈ ਕਿ ਡਾਕਟਰ ਸੇਵਾ ਮੁਕਤੀ ਤੋਂ ਪਹਿਲਾਂ ਹੀ ਨੌਕਰੀ ਛੱਡਣ ਲੱਗੇ ਹਨ। ਪੰਜਾਬ ਸਿਵਲ ਸਰਵਿਸਿਜ਼ ਮੈਡੀਕਲ ਐਸੋਸੀਏਸ਼ਨ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਨ ਤੋਂ ਬਾਅਦ 50 ਡਾਕਟਰਾਂ ਨੇ ਆਪਣੀਆਂ ਨੌਕਰੀਆਂ ਛੱਡ ਦਿੱਤੀਆਂ ਹਨ। ਪੀਸੀਐਮਐਸ ਐਸੋਸੀਏਸ਼ਨ ਅਨੁਸਾਰ ਸਿਵਲ ਹਸਪਤਾਲ ਖਰੜ ਦੀ ਐਸਐਮਓ ਅਤੇ ਸਾਬਕਾ ਮੁ4ਖ ਮੰਤਰੀ ਚਰਨਜੀਤ ਸਿੰਘ ਚੰਨੀ ਭਾਵੀ ਡਾ: ਮਨਿੰਦਰ ਕੌਰ ਨੇ ਸਵੈ-ਇੱਛੁਕ ਸੇਵਾਮੁਕਤੀ (ਵੀਆਰਐਸ) ਦੀ ਮੰਗ ਕੀਤੀ ਹੈ।

ਐਸੋਸੀਏਸ਼ਨ ਅੰਕੜਿਆਂ ਮੁਤਾਬਿਕ ਆਮ ਆਦਮੀ ਪਾਰਟੀ ਦੇ ਲੀਡਰਾਂ  ਅਤੇ ਵਿਧਾਇਕਾਂ ਦੇ ਨਾਸਮਝੀ ਵਾਲੇ ਵਤੀਰੇ ਅਤੇ ਹਸਪਤਾਲਾਂ  ਵਿੱਚ ਅਚਨਚੇਤ ਛਾਪੇ ਮਾਰ ਕੇ ਬੇਇਜ਼ਤ ਕਰਨ ਦੇ ਰੋਸ ਵਜੋਂ ਪਿਛਲੇ ਚਾਰ ਮਹੀਨਿਆਂ ਦੌਰਾਨ 50 ਡਾਕਟਰਾਂ ਨੇ ਨੌਕਰੀ ਨੂੰ ਅਲਵਿਦਾ ਕਹਿ ਦਿੱਤਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਕੂਲਾਂ , ਹਸਪਤਾਲਾਂ ਅਤੇ ਪੁਲਿਸ ਥਾਣਿਆਂ ਵਿੱਚ ਛਾਪੇ ਪੈਣੇ ਸ਼ੁਰੂ ਹੋ ਗਏ ਸਨ।  ਸਭ ਤੋਂ ਵੱਧ ਪੜ੍ਹੇ ਲਿਖੇ ਸਰਕਾਰ ਮੁਲਾਜ਼ਮਾਂ ਵਜੋਂ ਜਾਣੇ ਜਾਂਦੇ 50 ਡਾਕਟਰਾਂ ਨੇ ਸਵੈਇੱਛਾ ਨਾਲ ਸੇਵਾਮੁਕਤੀ ਮੰਗ ਲਈ ਹੈ। ਜਿਹੜੇ ਡਾਕਟਰ  ਵੀਆਰਐਸ ਦੇ ਯੋਗ ਨਹੀਂ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਹੈ। ਵੱਡੀ ਗਿਣਤੀ ਡਾਕਟਰਾਂ ਨੇ ਅਸਤੀਫੇ ਦੀ ਵਜ੍ਹਾ ਕੰਮ ਕਰਨ ਦੇ ਹਲਾਤ ਖਰਾਬ ਹੋਣ ਦਾ ਹਵਾਲਾ ਦਿੱਤਾ ਹੈ। ਹੋਰਾਂ ਨੇ ਵੀਡੀਓ ਜਾਰੀ ਕਰਕੇ ਦਿਲ ਦੀ ਗੱਲ ਕਹੀ ਹੈ।

ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਪੰਜਾਬ ਸਰਕਾਰ ‘ਤੇ ਸਿਹਤ ਸਹੂਲਤਾਂ ਨੂੰ ਲੈ ਕੇ ਸਵਾਲ ਚੁੱਕੇ ਹਨ ਤੇ ਪੰਜਾਬ ‘ਚ ਪੰਜਾਬ ਮਾਡਲ ਲਾਗੂ ਕਰਨ ਦੀ ਅਪੀਲ ਕੀਤੀ ਹੈ। ਸੁਖਪਾਲ ਖਹਿਰਾ ਨੇ ਟਵੀਟ ਕੀਤਾ, “ਕੀ ਇਹ  ਭਗਵੰਤ ਮਾਨ ਦਾ ਦਿੱਲੀ ਮਾਡਲ ਹੈ ? ਪੰਜਾਬ ਦੇ ਸਰਕਾਰੀ ਡਾਕਟਰ ਨੌਕਰੀਆਂ ਛੱਡ ਰਹੇ ਹਨ। ਉੱਪ ਕੁੱਲਪਤੀ ਦੀ ਲਾਹ ਪਾਹ ਕੀਤੀ ਜਾ ਰਹੀ ਹੈ ਅਤੇ ਪੀਜੀਆਈ ਨੇ ਪੰਜਾਬ ਦੇ ਮਰੀਜਾਂ ਦਾ ਇਲਾਜ ਕਰਨਾ ਬੰਦ ਕਰ ਦਿੱਤਾ ਹੈ।