‘ਦ ਖ਼ਾਲਸ ਬਿਊਰੋ:- ਕਿਸਾਨਾਂ ਦੇ ਹੱਕ ਲਈ ਖੇਤੀ ਬਿੱਲਾਂ ਦੇ ਖਿਲਾਫ ਪੰਜਾਬੀ ਕਲਾਕਾਰ ਖੁੱਲ੍ਹ ਕੇ ਬੋਲ ਰਹੇ ਹਨ। ਹੁਣ ਤੱਕ ਕਈ ਕਲਾਕਾਰਾਂ ਨੇ 25 ਸਤੰਬਰ ਨੂੰ ਧਰਨੇ ‘ਚ ਸ਼ਾਮਲ ਹੋਣ ਦਾ ਐਲਾਨ ਵੀ ਕੀਤਾ ਹੈ। ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋਇਆਂ ਇੱਕ ਖਾਸ ਸੁਨੇਹਾ ਲਿਖਿਆ।
ਉਨ੍ਹਾਂ ਲਿਖਿਆ ਕਿ, “ਅਸੀਂ ਸਾਰੇ ਕਲਾਕਾਰ ਖ਼ਾਸ ਤੌਰ ‘ਤੇ ਨੌਜਵਾਨਾਂ ਤੇ ਪੰਜਾਬ ਦੀਆਂ ਸਾਰੀਆਂ ਧਿਰਾਂ ਤੇ ਵਰਗਾਂ ਨੂੰ ਕਿਸਾਨਾਂ ਤੇ ਮਜ਼ਦੂਰਾਂ ਦੇ ਹਿੱਤਾਂ ਦੀ ਰਖਵਾਲੀ ਤੇ ਚੜ੍ਹਦੀ ਕਲਾ ਲਈ 25 ਸਤੰਬਰ ਦੇ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਅੱਗੇ ਆਉਣ ਲਈ ਪੁਰਜ਼ੋਰ ਅਪੀਲ ਕਰਦੇ ਹਾਂ।“
ਉਸ ਨੇ ਅੱਗੇ ਕਿਹਾ, “ਸਾਡੇ ਬਹੁਤ ਸਾਰੇ ਕਲਾਕਾਰ ਭਰਾ ਧਰਨਿਆਂ ਵਿੱਚ ਜਾ ਕੇ ਸ਼ਮੂਲੀਅਤ ਕਰ ਚੁੱਕੇ ਹਨ। ਹਰਭਜਨ ਮਾਨ ਬਾਈ ਜੀ, ਹਰਜੀਤ ਹਰਮਨ ਬਾਈ, ਛੋਟਾ ਵੀਰ ਅਵਕਾਸ਼ ਮਾਨ ਤੇ ਹੋਰ ਬਹੁਤ ਸਾਰੇ ਕਲਾਕਾਰ ਭਰਾ 25 ਸਤੰਬਰ ਦੇ ਪੰਜਾਬ ਬੰਦ ਵਿੱਚ ਹਿੱਸਾ ਲੈਣਗੇ।“ ਕਿਸਾਨ ਮਜਦੂਰ ਏਕਤਾ ਜਿੰਦਾਬਾਦ।
ਨਵੇਂ ਖੇਤੀ ਕਾਨੂੰਨਾਂ ਖਿਲਾਫ ਜੰਗ ਵਿਚ ਪੰਜਾਬੀ ਗਾਇਕ ਬੱਬੂ ਮਾਨ ਵੀ ਕਿਸਾਨਾਂ ਦੇ ਹੱਕ ਵਿਚ ਆ ਖੜ੍ਹੇ ਹਨ। ਬੱਬੂ ਮਾਨ ਨੇ ਫੇਸਬੁੱਕ ਰਾਹੀਂ ਕਿਸਾਨਾਂ ਨੂੰ ਏਕੇ ਦਾ ਸੱਦਾ ਦਿੱਤਾ ਹੈ। ਉਨ੍ਹਾਂ ਏਕੇ ਦਾ ਸੁਨੇਹਾ ਦਿੰਦੇ ਹੋਏ ਕਿਹਾ-”ਕਲਮਾਂ ਨੂੰ ਆਜੋ ਅਸਲਾ ਬਣਾ ਲਈਏ, ਕੱਠੇ ਹੋ ਕੇ ਪੁੰਜੀਪਤੀ ਆਜੋ ਅੱਗੇ ਲਾ ਲਈਏ, 25 ਤਰੀਕ ਨੂੰ ਜਾਮ ਜੜਾਂਗੇ, ਗੱਲ ਨਾ ਬਣੀ ਤਾਂ ਲੰਮੀ ਲੜਾਈ ਲੜਾਂਗੇ।
ਪੰਜਾਬ ਦੇ ਕਿਸਾਨ ਖੇਤੀਬਾੜੀ ਬਿੱਲ ਖਿਲਾਫ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ ਤੇ ਕਈ ਪੰਜਾਬੀ ਕਲਾਕਾਰ ਲਗਾਤਾਰ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ।