ਚੰਡੀਗੜ੍ਹ : ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਦਾ ਟਵਿੱਟਰ ਅਕਾਊਂਟ ‘ਤੇ ਭਾਰਤ ‘ਚ ਪਾਬੰਦੀ ਲਗਾ ਦਿੱਤੀ ਗਈ ਹੈ। ਪਿਛਲੇ ਦਿਨਾਂ ਤੋਂ ਪੰਜਾਬ ਵਿੱਚ ਕਈ ਟਵਿੱਟਰ ਅਕਾਉਂਟ ਤੇ ਪਾਬੰਦੀ ਲੱਗਣ ਤੋਂ ਬਾਅਦ ਹੁਣ ਇਹ ਇੱਕ ਹੋਰ ਵੱਡੀ ਕਾਰਵਾਈ ਹੈ। ਪਿਛਲੇ ਕਈ ਦਿਨਾਂ ਤੋਂ ਬੱਬੂ ਮਾਨ ਨੇ ਕੋਈ ਟਵੀਟ ਨਹੀਂ ਕੀਤਾ ਸੀ ਅਤੇ ਬਾਕੀ ਦੇਸ਼ਾਂ ‘ਚ ਬੱਬੂ ਮਾਨ ਦਾ ਟਵਿੱਟਰ ਖਾਤਾ ਦੇਖਿਆ ਜਾ ਸਕਦਾ ਹੈ।
ਬੱਬੂ ਮਾਨ ਦੇ ਅਕਾਉਂਟ ਉੱਤੇ ਇੱਕ ਸੰਦੇਸ਼ ਲਿਖਿਆ ਆ ਰਿਹਾ ਹੈ ਕਿ, “ਇੱਕ ਕਾਨੂੰਨੀ ਮੰਗ ਦੇ ਜਵਾਬ ਵਿੱਚ ਭਾਰਤ ਵਿੱਚ ਅਕਾਉਂਟ ਰੋਕ ਦਿੱਤਾ ਗਿਆ ਹੈ।”
ਦਈਏ ਕਿ ਟਵਿੱਟਰ ‘ਤੇ ਬੱਬੂ ਮਾਨ ਦੇ 2 ਲੱਖ 42 ਹਜ਼ਾਰ ਤੋਂ ਜ਼ਿਆਦਾ ਫਾਲਲੋਅਰਜ਼ ਹਨ। ਅੱਜ ਬੱਬੂ ਮਾਨ ਦਾ ਜਨਮਦਿਨ ਵੀ ਹੈ। ਬੱਬੂ ਮਾਨ ਇੰਡਸਟਰੀ ‘ਚ ਬਹੁਤ ਪ੍ਰਸਿੱਧ ਗਾਇਕ ਮੰਨੇ ਜਾਂਦੇ ਹਨ ਅਤੇ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਟਵਿੱਟਰ ਅਕਾਊਂਟ ‘ਤੇ ਪਾਬੰਦੀ ਲੱਗਣ ਕਰਕੇ ਉਨ੍ਹਾਂ ਦੇ ਪ੍ਰਸ਼ੰਸਕ ਦੁਖੀ ਹਨ।
ਦੱਸਣਯੋਗ ਹੈ ਕਿ ਬੱਬੂ ਮਾਨ ਨੂੰ ਬੀਤੇ ਕਈ ਦਿਨਾਂ ਤੋਂ ਜਾਨੋ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਸਨ। ਟਵਿੱਟਰ ਵੱਲੋਂ ਕਾਰਵਾਈ ਕਰਦਿਆਂ ਉਨ੍ਹਾਂ ਦਾ ਨਿੱਜੀ ਟਵਿੱਟਰ ਅਕਾਊਂਟ ਭਾਰਤ ‘ਚ ਬੰਦ ਕਰ ਦਿੱਤਾ ਗਿਆ ਹੈ।