‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪਰਿਵਾਰਿਕ ਪਰੇਸ਼ਾਨੀਆਂ ਦੂਰ ਕਰਨ ਲਈ ਇਕ ਬਾਬੇ ਤੋਂ ਮਦਦ ਮੰਗਣੀ ਇਕ ਔਰਤ ਨੂੰ ਮਹਿੰਗੀ ਪੈ ਗਈ। ਇਸਦਾ ਫਾਇਦਾ ਚੁੱਕਦਿਆਂ ਬਾਬੇ ਨੇ ਔਰਤ ਨਾਲ ਰੇਪ ਕੀਤਾ ਤੇ ਉਸਦਾ ਕਈ ਥਾਈਂ ਲਿਜਾ ਕੇ ਜਿਣਸੀ ਸੋਸ਼ਣ ਕਰਦਾ ਰਿਹਾ। ਗੱਲ ਖੁਲ੍ਹੀ ਤਾਂ ਪੁਲਿਸ ਨੇ ਬਾਬੇ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ। ਜਾਣਕਾਰੀ ਅਨੁਸਾਰ ਬਾਬੇ ਨੇ ਇਸ ਘਟਨਾ ਨੂੰ ਅੰਜਾਮ ਮੁੰਬਈ ਦੇ ਕਾਂਦੀਵਲੀ ਵਿੱਚ ਸਥਿਤ ਆਪਣੇ ਦਫਤਰ ਵਿੱਚ ਦਿੱਤਾ।ਪੀੜਤ ਔਰਤ ਤੋਂ ਬਾਬੇ ਨੇ ਮੋਟਾ ਪੈਸਾ ਵੀ ਠੱਗਿਆ ਹੈ। ਔਰਤ ਦੀ ਸ਼ਿਕਾਇਤ ਉੱਤੇ ਬਾਬੇ ਦੇ ਖਿਲਾਫ ਧਾਰਾ 376 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਦੱਸਿਆ ਗਿਆ ਹੈ ਕਿ ਮੁੰਬਈ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਸ ਵਿੱਚ ਫਰਜੀ ਬਾਬਿਆਂ ਵੱਲੋਂ ਔਰਤਾਂ ਨਾਲ ਇਸ ਹੱਦ ਦੀਆਂ ਧੱਕੇਸ਼ਾਹੀਆਂ ਤੇ ਵਧੀਕੀਆਂ ਸਾਹਮਣੇ ਆਈਆਂ ਹਨ। ਇਸ ਮਾਮਲੇ ਵਿਚ ਵੀ ਔਰਤ ਨੇ ਪਹਿਲਾਂ ਮਾਮਲਾ ਨਹੀਂ ਦੱਸਿਆ, ਪਰ ਜਦੋਂ ਵਧੀਕੀ ਵਧ ਗਈ ਤਾਂ ਉਸਨੇ ਮੂੰਹ ਖੋਲ੍ਹ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਵਿਚ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਬਾਬੇ ਨੇ ਹੋਰ ਕਿੰਨੀਆਂ ਔਰਤਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ।