ਪਤੰਜਲੀ ਨੇ ਜਿਹੜੀ ‘ਕੋਰੋਨਾ ਦੇ 100 ਫੀਸਦੀ ਇਲਾਜ ਦਾ ਦਾਅਵਾ ਕਹਿਕੇ ਦਵਾਈ’ ਬਣਾਈ ਹੈ, ਉਸ ‘ਤੇ ਸਰਕਾਰ ਨੇ ਹਾਲ ਦੀ ਘੜੀ ਰੋਕ ਲਾ ਦਿੱਤੀ ਹੈ। ਸਰਕਾਰ ਆਯੁਸ਼ ਮੰਤਰਾਲੇ ਨੇ ਕਿਹਾ ਹੈ ਕਿ, ਜਾਂਚ ਹੋਣ ਤੱਕ ਇਸਦੇ ਪ੍ਰਚਾਰ ਅਤੇ ਪਸਾਰ ‘ਤੇ ਰੋਕ ਲਾਈ ਜਾਂਦੀ ਹੈ ਅਤੇ ਇਸ ਦਵਾਈ ਬਾਰੇ ਕਿਸੇ ਵੀ ਪ੍ਰਕਾਰ ਦੀ ਇਸ਼ਤਿਹਾਰਬਾਜ਼ੀ ਵੀ ਬੰਦ ਕਰਨ ਨੂੰ ਕਿਹਾ ਹੈ। ਆਯੁਸ਼ ਮੰਤਰਾਲੇ ਨੇ ਪਤੰਜਲੀ ਵਲੋਂ ਕੋਰੋਨਾ ਦੀ ਦਵਾਈ ਲੱਭਣ ਦੇ ਦਾਅਵਿਆਂ ‘ਤੇ ਮੀਡੀਆ ਵਿੱਚ ਛਾਪੀ ਗਈ ਰਿਪੋਰਟ ਦਾ ਨੋਟਿਸ ਲਿਆ ਹੈ। ਮੰਤਰਾਲੇ ਨੇ ਸਾਫ਼ ਕਿਹਾ ਹੈ ਕਿ, ਸਾਡੇ ਕੋਲ ਇਸ ਦਵਾਈ ਦੇ ਕਲੀਨਿਕਲ ਟਰਾਇਲ, ਇਸਦੇ ਦਾਅਵਿਆਂ ਦੀ ਸੱਚਾਈ ਅਤੇ ਵੇਰਵਿਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਪਤੰਜਲੀ ਨੇ ਮੰਗਲਵਾਰ ਨੂੰ ‘ਕੋਰੋਨਿਲ ਗੋਲੀਆਂ’ ਅਤੇ ‘ਸ਼ਵਾਸਰੀ ਵਟੀ’ ਨਾਮ ਦੀਆਂ ਦੋ ਦਵਾਈਆਂ ਲਾਂਚ ਕੀਤੀਆਂ, ਜਿਨ੍ਹਾਂ ਬਾਰੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਕੋਵਿਡ -19 ਦੀ ਬਿਮਾਰੀ ਦੇ ਆਯੁਰਵੈਦਿਕ ਇਲਾਜ ਹਨ। ਮੰਗਲਵਾਰ ਨੂੰ ਰਾਮਦੇਵ ਨੇ ਹਰਿਦਵਾਰ ਵਿੱਚ ਕਿਹਾ ਸੀ ਕਿ, “ਅਸੀਂ ਕੋਵਿਡ -19 ਦੀ ਮਹਾਂਮਾਰੀ ਦੇ ਇਲਾਜ ਲਈ ਸਬੂਤਾਂ ਦੇ ਅਧਾਰ ‘ਤੇ ਪਹਿਲੀ ਆਯੁਰਵੈਦਿਕ ਦਵਾਈ ਸ਼ਵਾਸਰੀ ਵਟੀ ਕੋਰੋਨਿਲ ਤਿਆਰ ਕੀਤੀ ਹੈ, ਇਹ ਦਵਾਈ ਪ੍ਰਯੋਗਸ਼ਾਲਾ ਵਿੱਚ ਟੈਸਟ, ਖੋਜ ਅਤੇ ਕਲੀਨਿਕਲ ਟ੍ਰਾਇਲ ਤੋਂ ਬਾਅਦ ਤਿਆਰ ਕੀਤੀ ਗਈ ਹੈ। ਅਸੀਂ ਦੇਖਿਆ ਕਿ, 69% ਮਰੀਜ਼ ਤਿੰਨ ਦਿਨਾਂ ‘ਚ ਅਤੇ 100% ਮਰੀਜ਼ ਸੱਤ ਦਿਨਾਂ ਵਿਚ ਠੀਕ ਹੋ ਗਏ।

ਪਤੰਜਲੀ ਕੰਪਨੀ ਦੇ ਸੀਈਓ, ਬਾਲਕ੍ਰਿਸ਼ਨ ਨੇ ਦਾਅਵਾ ਕੀਤਾ ਹੈ ਕਿ ‘ਉਨ੍ਹਾਂ ਦੀ ਸੰਸਥਾ ਨੇ ਤੀਜੀ ਧਿਰ ਦੀ ਸਹਾਇਤਾ ਨਾਲ ਕਲੀਨਿਕਲ ਟਰਾਇਲ ਕੀਤੇ ਹਨ। ਜਿਸ ਨਾਲ ਕੋਰੋਨਿਲ ਦਾ ਸੇਵਨ ਕਰਨ ਵਾਲੇ ਕੋਵਿਡ -19 ਦੇ ਮਰੀਜ਼ਾਂ ਨੂੰ 100 ਫੀਸਦੀ ਰਾਹਤ ਮਿਲੀ ਹੈ।

ਸਰਕਾਰੀ ਮੰਤਰਾਲੇ ਮੁਤਾਬਕ, ਪਤੰਜਲੀ ਨੂੰ ਇਸ ਬਾਰੇ ਸੂਚਨਾ ਦੇ ਦਿੱਤੀ ਗਈ ਹੈ ਕਿ, ਆਯੁਰਵੈਦਿਕ ਦਵਾਈ ਅਤੇ ਇਸ ਬਾਰੇ ਦਿੱਤੇ ਗਏ ਇਸ਼ਤਿਹਾਰ ਡਰੱਗ ਐਂਡ ਮੈਜਿਕ ਰੈਮੇਡੀਜ਼ (ਇਤਰਾਜ਼ਯੋਗ ਇਸ਼ਤਿਹਾਰ) ਐਕਟ, 1954 ਅਤੇ ਕੋਰੋਨਾ ਮਹਾਮਾਰੀ ਬਾਰੇ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਧੀਨ ਆਉਂਦੇ ਹਨ। ਮੰਤਰਾਲੇ ਨੇ 21 ਅਪ੍ਰੈਲ, 2020 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ, ਆਯੁਸ਼ ਮੰਤਰਾਲੇ ਦੀ ਨਿਗਰਾਨੀ ਹੇਠ ਕੋਵਿਡ -19 ਉੱਤੇ ਖੋਜ ਅਧਿਐਨ ਕਿਵੇਂ ਕੀਤਾ ਜਾਵੇਗਾ।

ਮੰਤਰਾਲੇ ਨੇ ਇਹ ਵੀ ਪੁੱਛਿਆ ਹੈ ਕਿ, ਨਮੂਨੇ ਦਾ ਆਕਾਰ ਕੀ ਸੀ? ਸੰਸਥਾਗਤ ਨੈਤਿਕਤਾ ਕਮੇਟੀ ਦੀ ਮਨਜ਼ੂਰੀ ਪ੍ਰਾਪਤ ਹੋਈ ਹੈ ਜਾਂ ਨਹੀਂ? ਇਨ੍ਹਾਂ ਹੀ ਨਹੀਂ ਇਹ ਵੀ ਪੁੱਛਿਆ ਗਿਆ ਹੈ ਕਿ, ਸੀਟੀਆਰਆਈ ਰਜਿਸਟਰੀਕਰਨ ਅਤੇ ਅਧਿਐਨ ਨਾਲ ਸਬੰਧਤ ਡੈਟਾ ਕਿੱਥੇ ਹੈ। ਮੰਤਰਾਲੇ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ, ਜਦੋਂ ਤੱਕ ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਨਹੀਂ ਕੀਤੀ ਜਾਂਦੀ, ਉਦੋਂ ਤੱਕ ਇਸ ਦਵਾਈ ਨਾਲ ਜੁੜੇ ਦਾਅਵਿਆਂ ਬਾਰੇ ਇਸ਼ਤਿਹਾਰਬਾਜ਼ੀ ਬੰਦ ਕਰ ਦਿੱਤੀ ਜਾਵੇਗੀ।

ਇਸ ਦੇ ਨਾਲ ਹੀ, ਮੰਤਰਾਲੇ ਨੇ ਉਤਰਾਖੰਡ ਸਰਕਾਰ ਦੀ ਲਾਇਸੈਂਸੀ ਅਥਾਰਿਟੀ ਤੋਂ ਡਰੱਗ ਲਾਇਸੈਂਸ ਦੀ ਇੱਕ ਕਾਪੀ ਮੰਗੀ ਹੈ ਅਤੇ ਉਤਪਾਦ ਦੀ ਮਨਜ਼ੂਰੀ ਦੇ ਵੇਰਵੇ ਵੀ ਉਪਲੱਬਧ ਕਰਵਾਉਣ ਲਈ ਕਿਹਾ ਹੈ। ਇਸ ਦੇ ਨਾਲ ਹੀ ਉਤਰਾਖੰਡ ਦੇ ਲਾਇਸੈਂਸ ਅਫਸਰ ਨੇ ਕਿਹਾ ਕਿ, ਪਤੰਜਲੀ ਨੇ ਜਦੋ ਦਵਾਈ ਬਣਾਉਣ ਵਾਸਤੇ ਲਾਇਸੈਂਸ ਲਿਆ ਸੀ ਤਾਂ ਉਸ ਵਿੱਚ ਕੋਰੋਨਾਵਾਇਰਸ ਦਾ ਜਿਕਰ ਨਹੀਂ ਸੀ। ਜਿਸ ਤੋਂ ਬਾਅਦ ਉਤਰਾਖੰਡ ਦੇ ਆਯੁਸ਼ ਮੰਤਰਾਲੇ ਨੇ ਰਾਮਦੇਵ ਨੂੰ ਨੋਟਿਸ ਵੀ ਭੇਜਿਆ ਹੈ, ਕਿ ਤੁਹਾਡੇ ਕੋਲ ਲਾਇਸੈਂਸ ਵੀ ਨਹੀਂ ਸੀ।

ਆਯੁਸ਼ ਮੰਤਰਾਲੇ ਦੀ ਰੋਕ ਤੋਂ ਬਾਅਦ ਪਤੰਜਲੀ ਦੀ ਸੀਈਓ ਬਾਲਕ੍ਰਿਸ਼ਨ ਨੇ ਟਵੀਟ ਕਰਕੇ ਇਸ ਕਾਰਵਾਈ ਨੂੰ ਕਮਿਊਨੀਕੇਸ਼ਨ ਗੈਪ ਦੱਸਿਆ ਅਤੇ ਇਹ ਵੀ ਦਾਅਵਾ ਕੀਤਾ ਹੈ ਕਿ ਗੈਪ ਦੂਰ ਹੋ ਗਿਆ ਹੈ।

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਡਾਇਰੈਕਟਰ ਜਨਰਲ ਪ੍ਰੋਫੈਸਰ ਬਲਰਾਮ ਭਾਰਗਵ ਨੇ ਪਤੰਜਲੀ ਵੱਲੋਂ ਬਣਾਈ ਇਸ ਦਵਾਈ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਉਨ੍ਹਾਂ ਤੋਂ ਪੁੱਛਿਆ ਗਿਆ “ਕੀ ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ ਲਈ ਕੋਰੋਨਿਲ ਨਾਮ ਦੀ ਇਸ ਦਵਾਈ ਨੂੰ ਕਾਰਗਰ ਕਹਿਣਾ ਸਹੀ ਹੈ?” ਤਾਂ ਉਨ੍ਹਾਂ ਕਿਹਾ, “ਮੈਂ ਅਜਿਹੀ ਕਿਸੇ ਦਵਾਈ ਬਾਰੇ ਟਿੱਪਣੀ ਨਹੀਂ ਕਰਨਾ ਚਾਹਾਂਗਾ। ਪਰ ਆਈਸੀਐਮਆਰ ਇਸ ਦਵਾਈ ਨਾਲ ਜੁੜੇ ਕਿਸੇ ਵੀ ਕੰਮ ਵਿੱਚ ਸ਼ਾਮਲ ਨਹੀਂ ਹੋਇਆ ਹੈ। ”

ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਓ) ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ “ਆਮ ਹਾਲਤਾਂ ਵਿੱਚ, ਇੱਕ ਦਵਾਈ ਵਿਕਸਤ ਕਰਨ, ਕਲੀਨਿਕਲ ਟਰਾਇਲ ਮੁਕੰਮਲ ਹੋਣ ਅਤੇ ਇਸਦੀ ਮਾਰਕੀਟਿੰਗ ਸ਼ੁਰੂ ਕਰਨ ਵਿੱਚ ਘੱਟੋ-ਘੱਟ ਤਿੰਨ ਸਾਲ ਲੱਗਦੇ ਹਨ ਅਤੇ ਇਕ ਨਵੀਂ ਦਵਾਈ ਨੂੰ ਮਾਰਕੀਟ ਵਿਚ ਆਉਣ ਵਿਚ ਦਸ ਮਹੀਨੇ ਤੋਂ ਇੱਕ ਸਾਲ ਦਾ ਸਮਾਂ ਲੱਗਦਾ ਹੈ। ਪਰ ਕੁਝ ਹਫ਼ਤਿਆਂ ਦੇ ਅੰਦਰ, ਪਤੰਜਲੀ ਨੇ ਕੋਰੋਨਿਲ ਨਾਮ ਦੀ ਇਸ ਦਵਾਈ ਨੂੰ ਤਿਆਰ ਕਰਨ ਅਤੇ ਇਸਨੂੰ ਮਾਰਕੀਟ ਵਿੱਚ ਲਿਆਉਣ ਦਾ ਇੱਕ ‘ਕਾਰਨਾਮਾ’ ਕੀਤਾ ਹੈ।

ਸੀਡੀਐਸਓ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ “ਉਸਦੇ ਵਿਭਾਗ ਨੂੰ ਪਤੰਜਲੀ ਦੀ ਇਸ ਦਵਾਈ ਦੇ ਕਲੀਨਿਕਲ ਅਜ਼ਮਾਇਸ਼ ਬਾਰੇ ਕੋਈ ਜਾਣਕਾਰੀ ਨਹੀਂ ਸੀ”।

 

ਹੁਣ ਸਵਾਲ ਉੱਠਦੇ ਹਨ ਕਿ, ਕੀ ਪਤੰਜਲੀ ਕੰਪਨੀ ਨੇ ਸੱਚਮੁੱਚ ਕੋਰੋਨਾ ਦੀ ਦਵਾਈ ਤਿਆਰ ਕਰ ਲਈ ਹੈ ?

ਸਰਕਾਰ ਦੇ ਆਯੁਸ਼ ਵਿਭਾਗ ਨੂੰ ਇਸਦੀ ਜਾਣਕਾਰੀ ਕਿਉਂ ਨਹੀਂ ਦਿੱਤੀ ਗਈ ?

ਕਿਹੜੇ ਵਿਗਿਆਨੀਆਂ ਅਤੇ ਮਾਹਿਰਾਂ ਦੇ ਸਹਿਯੋਗ ਨਾਲ ਇਹ ਦਵਾਈ ਤਿਆਰ ਕੀਤੀ ਗਈ ਹੈ ?

ਕੋਰੋਨਾ ਦੇ 100 ਫੀਸਦੀ ਇਲਾਜ ਦਾ ਦਾਅਵਾ ਕਰਨ ਵਾਲ ਬਾਬਾ ਰਾਮਦੇਵ ਆਖਿਰਕਾਰ ਇੰਨੀ ਵੱਡੀ ਅਣਗਹਿਲੀ ਕਿਵੇਂ ਕਰ ਗਏ ?

ਨਮੂਨੇ ਦਾ ਆਕਾਰ, ਸੰਸਥਾਗਤ ਨੈਤਿਕਤਾ ਕਮੇਟੀ ਦੀ ਮਨਜ਼ੂਰੀ ਤੋਂ ਬਿਨਾਂ ਸੀਟੀਆਰਆਈ ਰਜਿਸਟਰੀਕਰਨ ਅਤੇ ਅਧਿਐਨ ਨਾਲ ਸਬੰਧਤ ਡੇਟਾ ਕਿੱਥੇ ਹੈ ?

ਜੇ ਸਾਡੇ ਮੁਲਕ ਵਿੱਚ ਇੰਨੀ ਵੱਡੀ ਦਵਾਈ ਤਿਆਰ ਹੋ ਰਹੀ ਸੀ ਜਾਂ ਹੋ ਗਈ ਹੈ ਤਾਂ ਆਖਿਰਕਾਰ ਸਰਕਾਰ ਤੋਂ ਕਿਉਂ ਲੁਕੋਇਆ ਗਿਆ ?

ਕੀ ਪਤੰਜਲੀ ਦੇ ਸੰਸਥਾਪਕ ਲੋਕਾਂ ਨੂੰ ਮੂਰਖ ਸਮਝਦੇ ਹਨ ਕਿ ਜੋ ਵੀ ਉਹ ਦਾਅਵਾ ਕਰਨਗੇ ਲੋਕ ਅੱਖਾਂ ਬੰਦ ਕਰਕੇ ਉਸ ‘ਤੇ ਯਕੀਨ ਕਰ ਲੈਣਗੇ ?