Punjab Religion

ਬਾਬਾ ਬਲਬੀਰ ਸਿੰਘ ਦਾ ਵੱਡਾ ਐਲਾਨ, ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਮੰਨਣ ਤੋਂ ਕੀਤਾ ਇਨਕਾਰ

ਸ੍ਰੀ ਅਨੰਦਪੁਰ ਸਾਹਿਬ ਵਿਚ ਬੁੱਢਾ ਦਲ ਦੇ ਨਾਲ ਜੁੜੀਆਂ ਹੋਈਆਂ ਦਲ ਖ਼ਾਲਸੇ ਦੀਆਂ ਜਥੇਬੰਦੀਆਂ ਦੀ ਵੱਡੀ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਬਾਬਾ ਬਲਬੀਰ ਸਿੰਘ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਅਸੀਂ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਨਹੀਂ ਮੰਨਦੇ। ਅਸੀਂ ਉਨ੍ਹਾਂ ਦੇ ਕਿਸੇ ਪ੍ਰੋਗਰਾਮ ਵਿਚ ਨਹੀਂ ਜਾਣਾ ਤੇ ਨਾ ਹੀ ਅਸੀਂ ਅਪਣੇ ਪ੍ਰੋਗਰਾਮ ਵਿਚ ਉਨ੍ਹਾਂ ਨੂੰ ਬੁਲਾਉਣਾ ਹੈ।

ਉਨ੍ਹਾਂ ਕਿਹਾ ਕਿ ਸਾਡੀ ਲੜਾਈ ਕੋਈ ਰਾਜਸੀ ਨਹੀਂ ਸਗੋਂ ਮਰਿਆਦਾਵਾਂ ਨੂੰ ਬਚਾਉਣ ਦੀ ਹੈ, ਇਸ ਲਈ ਜਦੋਂ ਤੱਕ ਮਰਿਆਦਾਵਾਂ ਨੂੰ ਕਾਇਮ ਨਹੀਂ ਰੱਖਿਆ ਜਾਂਦਾ ਉਦੋਂ ਤੱਕ ਉਹ ਨਵ ਨਿਯੁਕਤ ਜਥੇਦਾਰ ਸਾਹਿਬਾਨ ਨੂੰ ਨਾ ਆਪਣੇ ਸਮਾਗਮ ਵਿਚ ਬੁਲਾਉਣਗੇ ਅਤੇ ਨਾ ਹੀ ਉਨ੍ਹਾਂ ਦੇ ਸਮਾਗਮ ਵਿਚ ਜਾਣਗੇ।

ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਉਹ ਕਦੇ ਵਿਰੋਧੀ ਨਹੀਂ ਹਨ, ਸਗੋਂ ਉਹ ਤਾਂ ਇਨ੍ਹਾਂ ਦੋਵਾਂ ਧਾਰਮਿਕ ਸੰਸਥਾਵਾਂ ਦੀ ਬਿਹਤਰੀ ਚਾਹੁੰਦੇ ਹਨ, ਪ੍ਰੰਤੂ ਅਸੀਂ ਮਰਿਆਦਾਵਾਂ ਦਾ ਘਾਣ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਨਾਲ ਹੀ ਕਿਹਾ ਕਿ ਜੇਕਰ ਇਨ੍ਹਾਂ ਜਥੇਦਾਰ ਸਾਹਿਬਾਨ ਨੂੰ 2 ਦਸੰਬਰ ਤੋਂ ਪਹਿਲਾਂ ਸੇਵਾ ਮੁਕਤ ਕੀਤਾ ਜਾਂਦਾ ਤਾਂ ਸਾਨੂੰ ਕੋਈ ਫ਼ਰਕ ਨਹੀਂ ਸੀ, ਪ੍ਰੰਤੂ ਇਸ ਹੁਕਮਨਾਮੇ ਦੇ ਜਾਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਜਿਸ ਤਰ੍ਹਾਂ ਬਦਲੇ ਭਾਵਨਾ ਨਾਲ ਅਹੁਦੇ ਤੋਂ ਫਾਰਗ ਕੀਤਾ ਗਿਆ ਹੈ, ਇਹ ਕੋਈ ਉਨ੍ਹਾਂ ਦਾ ਸਨਮਾਨ ਨਹੀਂ ਹੈ। ਉਹ ਮੰਗ ਕਰਦੇ ਹਨ ਕਿ ਸੇਵਾ ਤੋਂ ਫਾਰਗ ਕੀਤੇ ਤਿੰਨੋ ਜਥੇਦਾਰਾਂ ਨੂੰ ਮੁੜ ਨਿਯੁਕਤ ਕੀਤਾ ਜਾਵੇ।