ਯੂਕੇ: ਖ਼ਾਲਿਸਤਾਨ ਸਮਰਥਕ ਸਿੱਖ ਨੌਜਵਾਨ ਅਵਤਾਰ ਸਿੰਘ ਖੰਡਾ (Avtar Singh Khanda) ਦਾ ਬਰਮਿੰਘਮ ਦੇ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਗੰਭੀਰ ਬਿਮਾਰੀ ਬਲੱਡ ਕੈਂਸਰ ਤੋਂ ਪੀੜਤ ਸੀ। ਖੰਡਾ ਬਲੱਡ ਕੈਂਸਰ ਦੇ ਸ਼ੁਰੂਆਤੀ ਦੌਰ ‘ਚ ਸੀ। ਕੈਂਸਰ ਤੋਂ ਪੈਦਾ ਹੋਈਆਂ ਸਿਹਤ ਸਬੰਧੀ ਸਮੱਸਿਆ ਕਾਰਨ ਉਹ ਠੀਕ ਨਹੀਂ ਸੀ। ਉਸਨੂੰ ਬਰਮਿੰਘਮ ਦੇ ਮਲਟੀ-ਸਪੈਸ਼ਲਿਟੀ ਹਸਪਤਾਲ ਵਿਚ ਲਾਈਫ ਸਪੋਰਟ ‘ਤੇ ਰੱਖਿਆ ਗਿਆ ਸੀ।
ਅਵਤਾਰ ਸਿੰਘ ਖੰਡਾ ਪਿਛਲੇ ਸਮੇਂ ਤੋਂ ਵਿਵਾਦਾਂ ਵਿੱਚ ਘਿਰੇ ਹੋਣ ਕਾਰਨ ਸੁਰਖ਼ੀਆਂ ਵਿੱਚ ਚੱਲ ਰਿਹਾ ਸੀ। ਉਸ ਨੂੰ ਹਾਲ ਹੀ ਵਿੱਚ ਲੰਡਨ ਵਿੱਚ ਭਾਰਤੀ ਦੂਤਾਵਾਸ ਵਿਖੇ ਤਿਰੰਗੇ ਨੂੰ ਉਤਾਰਨ ਅਤੇ ਭੰਨਤੋੜ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਜਦੋ ਵਾਰਿਸ ਪੰਜਾਬ ਜਥੇਬੰਦੀ ਦੇ ਖ਼ਿਲਾਫ਼ ਪੰਜਾਬ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਸੀ ਤਾਂ ਅਵਤਾਰ ਸਿੰਘ ਖੰਡਾ ਦਾ ਨਾਮ ਕਈ ਵਾਰ ਲਿਆ ਗਿਆ ਸੀ। ਪਰ ਉਸ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਪਾ ਕੇ ਇਸ ਦਾ ਕਈ ਵਾਰ ਖੰਡਨ ਕੀਤਾ ਸੀ। ਇੱਥੋਂ ਤੱਕ ਕਿ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਪੰਜਾਬ ਵਿੱਚ ਖੰਡਾ ਦੀ ਮਾਤਾ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ। ਇਸ ਕਾਰਵਾਈ ਉੱਤੇ ਅਵਤਾਰ ਸਿੰਘ ਖੰਡਾ ਨੇ ਇਹ ਕਈ ਵਾਰ ਸਪਸ਼ਟ ਕੀਤਾ ਸੀ ਕਿ ਉਸ ਨੂੰ ਜਾਂ ਉਸ ਦੇ ਪਰਿਵਾਰ ਨੂੰ ਨਹੀਂ ਪਤਾ ਕਿ ਅੰਮ੍ਰਿਤਪਾਲ ਸਿੰਘ ਕਿੱਥੇ ਹੈ।