Punjab

ਸਿੱਖਾਂ ਦੀ ਵੱਡੀ ਆਬਾਦੀ ਵਾਲੇ ਦੇਸ਼ ਤੋਂ ਚੰਗੀ ਖਬਰ !

ਬਿਉਰੋ ਰਿਪੋਰਟ : ਆਸਟ੍ਰੇਲੀਆ ਵਿੱਚ ਸਿੱਖ ਭਾਈਚਾਰੇ ਦੀ ਵੱਡੀ ਜਿੱਤ ਹੋਈ ਹੈ । ਕੁਈਨਜ਼ਲੈਂਡ ਦੀ ਸੁਪਰੀਮ ਕੋਰਟ ਨੇ ਸਕੂਲਾਂ ਵਿੱਚ ਸਿਰੀ ਸਾਹਿਬ ‘ਤੇ ਲੱਗੀ ਰੋਕ ਦੇ ਕਾਨੂੰਨ ਨੂੰ ਪਲਟ ਦਿੱਤਾ ਹੈ । ਯਾਨੀ ਹੁਣ ਸਿੱਖ ਬੱਚੇ ਸਕੂਲਾਂ ਦੇ ਅੰਦਰ ਕ੍ਰਿਪਾਨ ਪਾਕੇ ਜਾ ਸਕਦੇ ਹਨ । ਸਰਕਾਰ ਦੇ ਫੈਸਲੇ ਨੂੰ ਇੱਕ ਸਿੱਖ ਬੀਬੀ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ । ਕੁਈਨਜ਼ਲੈਂਡ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਨਸਲੀ ਭੇਦਭਾਵ ਐਕਟ RDA ਦੇ ਤਹਿਤ ਇਹ ਪਾਬੰਦੀ ਗੈਰ ਸੰਵਿਧਾਨਿਕ ਹੈ ।

ਹਾਲਾਂਕਿ ਇਸ ਤੋਂ ਪਹਿਲਾਂ ਕੁਈਨਜ਼ਲੈਂਡ ਸਰਕਾਰ ਨੇ ਸਿੱਖਾਂ ਨੂੰ ਸਿਰੀ ਸਾਹਿਬ ਰੱਖਣ ਦੀ ਇਜਾਜ਼ਤ ਦੇਣ ਦਾ ਕਾਨੂੰਨ ਬਣਾਇਆ ਸੀ ਪਰ ਇਸ ਅਧੀਨ ਸਕੂਲਾਂ ਵਿੱਚ ਸਿਰੀ ਸਾਹਿਬ ਰੱਖਣ ‘ਤੇ ਪਾਬੰਦੀ ਲੱਗਾ ਦਿੱਤੀ ਗਈ ਸੀ । ਇਸ ਦੇ ਖਿਲਾਫ਼ ਕਮਲਜੀਤ ਕੌਰ ਨੇ ਸਰਕਾਰ ਦੇ ਫੈਸਲੇ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ । ਪਟੀਸ਼ਕਰਤਾ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਸਕੂਲ ਵਿੱਚ ਧਾਰਮਿਕ ਨਿਸ਼ਾਨੀ ਕ੍ਰਿਪਾਨ ਨੂੰ ਨਾ ਲਿਜਾਉਣ ਦੇਣਾ ਨਸਲੀ ਭੇਦਭਾਵ ਐਕਟ ਦੇ ਅਧੀਨ ਆਉਂਦਾ ਹੈ। ਹਾਲਾਂਕਿ ਸੁਪਰੀਮ ਕੋਰਟ ਨੇ ਸ਼ੁਰੁਆਤ ਵਿੱਚ ਪਟੀਸ਼ਨਕਰਤਾ ਕਮਲਜੀਤ ਕੌਰ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ ਸੀ ਕਿ ਸਰਕਾਰ ਵੱਲੋਂ ਹਥਿਆਰਾਂ ਨੂੰ ਲੈਕੇ ਬਣਾਇਆ ਗਿਆ ਐਕਟ ਪੱਖਪਾਤੀ ਹੈ ।

ਹਾਲਾਂਕਿ ਇਸ ਤੋਂ ਬਾਅਦ ਜਦੋਂ ਮੁੜ ਤੋਂ ਕਮਲਜੀਤ ਕੌਰ ਨੇ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਤਾਂ ਸਰਕਾਰ ਵੱਲੋਂ ਸਿਰੀ ਸਾਹਿਬ ਨੂੰ ਸਕੂਲ ਲਿਜਾਉਣ ਦੇ ਲਗਾਈ ਗਈ ਪਾਬੰਦੀ ਨੂੰ ਗਲਤ ਦੱਸਿਆ । ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਸਿੱਖ ਭਾਈਚਾਰੇ ਦੀ ਵੱਡੀ ਜਿੱਤ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਹੈ ।