International

ਆਸਟਰੇਲੀਆ ਦੀ ਸੰਸਦ ’ਚ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਪੇਸ਼

ਆਸਟਰੇਲੀਆ ਦੇ ਸੰਚਾਰ ਮੰਤਰੀ ਨੇ ਆਨਲਾਈਨ ਸੁਰੱਖਿਆ ਤਹਿਤ ਵਿਸ਼ਵ ਦਾ ਪਹਿਲਾ ਕਾਨੂੰਨ ਸੰਸਦ ਵਿਚ ਪੇਸ਼ ਕੀਤਾ ਹੈ ਜੋ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦੀ ਪਾਬੰਦੀ ਲਾਏਗਾ। । ਸੰਚਾਰ ਮੰਤਰੀ ਮਿਸ਼ੇਲ ਰੋਲੈਂਡ ਨੇ ਕਿਹਾ ਕਿ ਇਨ੍ਹੀਂ ਦਿਨੀਂ ਮਾਪਿਆਂ ਲਈ ਆਨਲਾਈਨ ਸੁਰੱਖਿਆ ਵੱਡੀ ਚੁਣੌਤੀ ਬਣ ਗਈ ਹੈ।

ਉਨ੍ਹਾਂ ਕਿਹਾ ਕਿ ਟਿਕਟੌਕ, ਫੇਸਬੁੱਕ, ਸਨੈਪਚੈਟ, ਰੈਡਿੱਟ, ਐਕਸ ਅਤੇ ਇੰਸਟਾਗ੍ਰਾਮ ਉਹ ਪਲੇਟਫਾਰਮ ਹਨ ਜੋ ਛੋਟੇ ਬੱਚਿਆਂ ਨੂੰ ਖਾਤੇ ਬਣਾਉਣ ਤੋਂ ਰੋਕਣ ਤੋਂ ਨਾਕਾਮ ਰਹੇ ਤਾਂ ਉਨ੍ਹਾਂ ’ਤੇ ਪੰਜ ਕਰੋੜ ਆਸਟ੍ਰੇਲਿਆਈ ਡਾਲਰ ਤੱਕ ਦਾ ਜੁਰਮਾਨਾ ਲਾਇਆ ਜਾਵੇਗਾ। ਰੋਲੈਂਡ ਨੇ ਕਿਹਾ, ‘ਇਹ ਬਿੱਲ ਸਮਾਜ ’ਚ ਨਵੀਆਂ ਕਦਰਾਂ-ਕੀਮਤਾਂ ਸਥਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਸੋਸ਼ਲ ਮੀਡੀਆ ਤੱਕ ਪਹੁੰਚ ਆਸਟਰੇਲੀਆ ’ਚ ਵੱਡੇ ਹੋਣ ਦੀ ਪਰਿਭਾਸ਼ਾ ਨਹੀਂ ਹੈ।’ –

ਲਗਭਗ ਦੋ-ਤਿਹਾਈ, 14 ਤੋਂ 17 ਸਾਲ ਦੀ ਉਮਰ ਦੇ ਆਸਟਰੇਲੀਅਨ ਬੱਚਿਆਂ ਨੇ ਬਹੁਤ ਜ਼ਿਆਦਾ ਨੁਕਸਾਨਦੇਹ ਸਮੱਗਰੀ ਆਨਲਾਈਨ ਦੇਖੀ ਹੈ, ਜਿਸ ਵਿਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ, ਖ਼ੁਦਕੁਸ਼ੀ ਜਾਂ ਖ਼ੁਦ ਨੂੰ ਨੁਕਸਾਨ ਪਹੁੰਚਾਣ ਸਮੇਤ ਹਿੰਸਕ ਸਮੱਗਰੀ ਸ਼ਾਮਲ ਹੈ।

ਇਕ ਚੌਥਾਈ ਬੱਚਿਆਂ ਨੇ ਅਸੁਰੱਖਿਅਤ ਖਾਣ-ਪੀਣ ਦੀਆਂ ਆਦਤਾਂ ਨੂੰ ਉਤਸ਼ਾਹਤ ਕਰਨ ਵਾਲੀ ਸਮੱਗਰੀ ਵੇਖੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਖੋਜ ਵਿਚ ਪਾਇਆ ਗਿਆ ਹੈ ਕਿ 95 ਫ਼ੀ ਸਦੀ ਆਸਟਰੇਲੀਅਨ ਮਾਪਿਆਂ ਨੇ ਆਨਲਾਈਨ ਸੁਰੱਖਿਆ ਨੂੰ ਅਪਣੇ ਪਾਲਣ-ਪੋਸ਼ਣ ਲਈ ਸੱਭ ਤੋਂ ਵੱਡੀ ਚੁਣੌਤੀਆਂ ਵਿਚੋਂ ਇਕ ਮੰਨਿਆ ਹੈ।