‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਸਟਰੇਲੀਆ ਸਰਕਾਰ ਨੇ ਅਗਲੇ ਸ਼ਨੀਵਾਰ ਤੋਂ ਆਪਣੇ ਨਾਗਰਿਕਾਂ ਦੀ ਭਾਰਤ ਤੋਂ ਵਾਪਸੀ ‘ਤੇ ਲਗਾਈ ਪਾਬੰਦੀ ਹਟਾਉਣ ਦਾ ਫੈਸਲਾ ਕੀਤਾ ਹੈ। ਆਸਟਰੇਲੀਆ ਸਰਕਾਰ ਨੇ ਕਿਹਾ ਕਿ ਉਹ ਭਾਰਤ ਵਿੱਚ ਫ਼ਸੇ ਆਪਣੇ ਨਾਗਰਿਕਾਂ ਦੀ ਵਾਪਸੀ ਲਈ 15 ਮਈ ਤੋਂ ਉਡਾਣਾਂ ਸ਼ੁਰੂ ਕਰੇਗਾ। ਆਸਟਰੇਲੀਆ 15 ਮਈ ਤੋਂ 31 ਮਈ ਤੱਕ ਨਾਗਿਰਕਾਂ ਨੂੰ ਵਾਪਸ ਲਿਆਉਣ ਲਈ ਤਿੰਨ ਹਵਾਈ ਜਹਾਜ਼ ਭੇਜੇਗਾ। ਆਸਟਰੇਲੀਆ ਸਰਕਾਰ ਨੇ ਐਲਾਨ ਕੀਤਾ ਹੈ ਕਿ ਭਾਰਤ ਵਿੱਚ ਫ਼ਸੇ 900 ਲੋਕਾਂ ਦੀ ਵਾਪਸੀ ਲਈ ਮਈ ਦੇ ਮੱਧ ਵਿੱਚ ਤਿੰਨ ਹਵਾਈ ਉਡਾਨਾਂ ਦਾ ਪ੍ਰਬੰਧ ਕੀਤਾ ਜਾਵੇਗਾ।
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਰੋਨਾ ਦੀ ਦੂਜੀ ਲਹਿਰ ਤੋਂ ਪ੍ਰਭਾਵਿਤ ਹੋਏ ਭਾਰਤ ਵਿੱਚ ਫ਼ਸੇ ਆਸਟਰੇਲੀਆਂ ਦੇ ਨਾਗਰਿਕਾਂ ਦੀ ਦੇਸ਼ ਵਾਪਸੀ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਸੀ, ਜਿਸ ਕਰਕੇ ਉਨ੍ਹਾਂ ਨੂੰ ਆਪਣੇ ਫੈਸਲੇ ਲਈ ਲੋਕਾਂ ਦੀਆਂ ਆਲੋਚਨਾਵਾਂ ਦਾ ਸਾਹਮਣਾ ਵੀ ਕਰਨਾ ਪਿਆ। ਆਸਟਰੇਲੀਆ ਸਰਕਾਰ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜੋ ਲੋਕ ਆਸਟਰੇਲੀਆ ਵਾਪਸੀ ਕਰਨਗੇ, ਉਨ੍ਹਾਂ ਨੂੰ ਜੇਲ੍ਹ ਵਿੱਚ ਜਾਣਾ ਪੈ ਸਕਦਾ ਹੈ। ਸਕੌਟ ਮੌਰੀਸਨ ਨੇ ਆਪਣੇ ਇਸ ਫੈਸਲੇ ਤੋਂ ਬਾਅਦ ਲੋਕਾਂ ਦੇ ਗੁੱਸੇ ਨੂੰ ਦੇਖਦਿਆਂ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਨੇ ਕਿਹਾ ਸੀ ਕਿ ਜੇਲ੍ਹ ਭੇਜਣ ਦੀ ਸੰਭਾਵਨਾ ਬਹੁਤ ਘੱਟ ਹੈ।
ਭਾਰਤ ਤੋਂ ਆਏ ਲੋਕਾਂ ਨੂੰ ਕੀਤਾ ਜਾਵੇਗਾ ਇਕਾਂਤਵਾਸ
ਭਾਰਤ ਤੋਂ ਆਸਟਰੇਲੀਆ ਵਾਪਸ ਪਹੁੰਚਣ ਵਾਲੇ ਲੋਕਾਂ ਨੂੰ ਉੱਤਰੀ ਭਾਗ ਵਿੱਚ ਸਥਿਤ ਹੋਵਰਡ ਸਪ੍ਰਿੰਗ ਇਕਾਂਤਵਾਸ ਕੇਂਦਰ ਵਿੱਚ ਰੱਖਿਆ ਜਾਵੇਗਾ। ਜਾਣਕਾਰੀ ਮੁਤਾਬਕ ਇੱਥੇ ਅਗਲੇ ਹਫ਼ਤੇ ਤੱਕ ਬੈੱਡਾਂ ਦੀ ਗਿਣਤੀ 2 ਹਜ਼ਾਰ ਕਰ ਦਿੱਤੀ ਜਾਵੇਗੀ।
ਮੌਰੀਸਨ ਸਕੌਟ ਨੇ ਕਿਹਾ ਕਿ ਦੇਸ਼ ਵਿੱਚ ਲਗਾਈਆਂ ਪਾਬੰਦੀਆਂ ਕਾਰਨ ਲਾਗ਼ ਦੇ ਮਾਮਲਿਆਂ ਵਿੱਚ ਕਮੀ ਆਈ ਹੈ ਅਤੇ ਇਕਾਂਤਵਾਸ ਵਿੱਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਘਟੀ ਹੈ ਅਤੇ “ਅਸੀਂ ਭਾਰਤ ਤੋਂ ਆਉਣ ਵਾਲੇ ਲੋਕਾਂ ਲਈ ਪ੍ਰਬੰਧ ਕਰਨ ਦੇ ਪੱਧਰ ਤੱਕ ਆ ਸਕੇ ਹਾਂ”।
ਲੋਕ ਵਾਪਸ ਆਸਟਰੇਲੀਆ ਕਿਵੇਂ ਆਉਣਗੇ
ਜਾਣਕਾਰੀ ਮੁਤਾਬਕ ਭਾਰਤ ਵਿੱਚ ਕੁੱਲ 9 ਹਜ਼ਾਰ ਲੋਕ ਹਨ, ਜੋ ਜਾਂ ਤਾਂ ਆਸਟਰੇਲੀਆਈ ਨਾਗਰਿਕ ਹਨ ਜਾਂ ਉੱਥੋਂ ਦੇ ਸਥਾਈ ਵਾਸੀ ਹਨ। ਮੌਰੀਸਨ ਨੇ ਕਿਹਾ ਹੈ ਕਿ ਅਗਲੇ ਹਫ਼ਤੇ ਤੱਕ ਅਧਿਕਾਰੀ ਕਮਰਸ਼ੀਅਲ ਉਡਾਣਾਂ ਨੂੰ ਸ਼ੁਰੂ ਕਰਨ ਬਾਰੇ ਫ਼ੈਸਲਾ ਲੈਣਗੇ। ਆਸਟਰੇਲੀਆ ਆਉਣ ਵਾਲੇ ਜ਼ਿਆਦਾਤਰ ਲੋਕਾਂ ਨੂੰ ਕਮਰਸ਼ੀਅਲ ਉਡਾਣ ਹੀ ਲੈਣੀ ਪਵੇਗੀ।
ਆਸਟਰੇਲੀਆ ਸਰਕਾਰ ਨੂੰ ਕਰਨਾ ਪਿਆ ਸੀ ਲੋਕਾਂ ਦੇ ਗੁੱਸੇ ਦਾ ਸਾਹਮਣਾ
ਆਸਟਰੇਲੀਆ ਸਰਕਾਰ ਵੱਲੋਂ ਆਸਟਰੇਲੀਆਂ ਦੇ ਨਾਗਰਿਕਾਂ ਦੀ ਦੇਸ਼ ਵਾਪਸੀ ‘ਤੇ ਪਾਬੰਦੀ ਲਗਾਉਣ ਦੇ ਫੈਸਲੇ ਮਗਰੋਂ ਆਸਟਰੇਲੀਆ ਦੇ ਖ਼ਿਲਾਫ਼ ਇਹ ਧਾਰਨਾ ਬਣ ਗਈ ਕਿ ਉਹ ਆਪਣੇ ਨਾਗਰਿਕਾਂ ਨੂੰ ਖ਼ਤਰੇ ਵਿੱਚ ਰਹਿਣ ਲਈ ਮਜ਼ਬੂਰ ਕਰ ਰਿਹਾ ਹੈ ਅਤੇ ਨਾਗਰਿਕਾਂ ਨੂੰ ਆਪਣੇ ਘਰ ਵਾਪਸ ਆਉਣ ‘ਤੇ ਸਜ਼ਾ ਦੇ ਰਿਹਾ ਹੈ।
ਕ੍ਰਿਕਟ ਖਿਡਾਰੀ ਤੋਂ ਕਮੈਂਟਰ ਬਣੇ ਮਾਈਕਲ ਸਲੇਟਰ ਨੇ ਟਵਿੱਟਰ ‘ਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੌਰੀਸਨ ਸਕੌਟ ‘ਤੇ ਇਲਜ਼ਾਮ ਲਗਾਉਂਦਿਆ ਕਿਹਾ ਸੀ ਕਿ, ”ਉਨ੍ਹਾਂ ਦੇ ਹੱਥ ਲੋਕਾਂ ਦੇ ਖ਼ੂਨ ਨਾਲ ਰੰਗੇ ਹਨ, ਪ੍ਰਾਈਵੇਟ ਜੈੱਟ ਲੈ ਕੇ ਆਉ ਅਤੇ ਦੇਖੋ ਸੜਕਾਂ ‘ਤੇ ਲਾਸ਼ਾਂ ਪਈਆਂ ਹਨ”।
ਕੌਣ ਹੈ ਮਾਈਕਲ ਸਲੇਟਰ
ਸਲੇਟਰ ਉਨ੍ਹਾਂ 40 ਆਸਟਰੇਲੀਆ ਵਾਸੀਆਂ ਵਿੱਚੋਂ ਇੱਕ ਹਨ, ਜੋ ਭਾਰਤ ਆਈਪੀਐੱਲ ਵਿੱਚ ਹਿੱਸਾ ਲੈਣ ਆਏ ਸਨ। ਇਸ ਲੀਗ਼ ਨੂੰ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਮੁਲਤਵੀ ਕਰ ਦਿੱਤਾ ਗਿਆ ਸੀ। ਆਸਟਰੇਲੀਆ ਕ੍ਰਿਕੇਟ ਬੋਰਡ ਨੇ ਦੱਸਿਆ ਹੈ ਕਿ ਖਿਡਾਰੀਆਂ ਨੂੰ ਭਾਰਤ ਤੋਂ ਬਾਹਰ ਕੱਢਿਆ ਜਾ ਚੁੱਕਿਆ ਹੈ ਅਤੇ ਇੱਕ ਵਾਰ ਪਾਬੰਦੀ ਹਟ ਜਾਵੇ ਤਾਂ ਉਨ੍ਹਾਂ ਦੀ ਚਾਰਟਡ ਫ਼ਲਾਈਟ ਰਾਹੀਂ ਦੇਸ਼ ਵਾਪਸੀ ਕਰਵਾਈ ਜਾਵੇਗੀ।