‘ਦ ਖ਼ਾਲਸ ਬਿਊਰੋ ( ਆਸਟ੍ਰੇਲੀਆ ) :- ਅੱਜ 11 ਸਤੰਬਰ ਨੂੰ ਆਸਟ੍ਰੇਲੀਆ ਦੇ ਪਾਰਲੀਮੈਂਟ ਮੈਬਰ ਪੌਲੀਨ ਰੀਚਰਡ ਤੇ ਜੂਲੀਅਨ ਹਿਲ ਵੱਲੋਂ zoom ਐਪ ‘ਤੇ ਇੱਕ ਪ੍ਰੈਸ ਨੂੰ ਸੰਬੋਧਨ ਕਰਦਿਆਂ ਸਾਂਝੇ ਰੂਪ ਵਿੱਚ ਆਸਟ੍ਰੇਲੀਆ ‘ਚ ਸਿੱਖ ਭਾਈਚਾਰੇ ਦੀ ਨਾਮੀ ਜਥੇਬੰਦੀ “ਸਿੱਖ ਵਲੰਟੀਅਰਜ਼ ਆਸਟ੍ਰੇਲੀਆ (SVA)” ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ SVA ਨੇ ਪਿਛਲੇ ਕਾਫ਼ੀ ਵਰਿਆਂ ਤੋਂ ਲੋਕ ਭਲਾਈ ਦੇ ਕੰਮਾਂ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ ਜਿਸ ‘ਤੇ ਸਾਨੂੰ ਮਾਣ ਹੈ, ਉਨ੍ਹਾ ਨੇ ਖ਼ਾਸਕਰ ਆਸਟ੍ਰੇਲੀਆ ਦੇ ਜੰਗਲਾਂ ‘ਚ ਲੱਗੀ ਅੱਗ ਦੌਰਾਨ ‘ਚ SVA ਵੱਲੋਂ ਕੀਤੀ ਸੇਵਾ ਤੋਂ ਲੈਕੇ ਹੁਣ ਤੱਕ ਚੱਲ ਰਹੀਆਂ ਸੇਵਾਵਾਂ ਦੀ ਤਾਰੀਫ ਕੀਤੀ।
ਜ਼ਿਕਰਯੋਗ ਹੈ SVA ਪਿਛਲੇ 10 ਮਹੀਨਿਆਂ ਤੋਂ 1 ਲੱਖ ਦੇ ਕਰੀਬ ਲੋੜਵੰਦਾ ਦੇ ਲਈ ਲੰਗਰ ਸੇਵਾ ਕਰ ਰਹੀ ਹੈ। ਇਸ ਲੰਗਰ ਸੇਵਾ ਨੇ ਲੱਖਾ ਲੋੜਵੰਦਾਂ ਦੀ ਔਖੇ ਵੇਲੇ ਮਦਦ ਕੀਤੀ ਹੈ। ਜਿਸ ਵੇਖਦਿਆ ਮੈਂਬਰ ਸਾਹਿਬਾਨ ਨੇ 4 ਲੱਖ ਡਾਲਰ ਦੀ ਬਿਲਡਿੰਗ ਫੰਡ ਗਰਾਂਟ ਦਾ ਐਲਾਨ ਕੀਤਾ। ਇਸ ਮੌਕੇ SVA ਦੇ ਸੇਵਾਦਾਰ ਜਸਵਿੰਦਰ ਸਿੰਘ ਨੇ ਪਾਰਲੀਮੈਂਟ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ SVA ਜਿੱਥੇ ਲੰਗਰ ਸੇਵਾ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ।
ਉੱਥੇ ਹੀ ਗੁਰਮਤਿ ਸਿੱਖਿਆ ਕੇਂਦਰ ‘ਚ ਗੁਰਮਤਿ ਸੰਗੀਤ ਤੇ ਗੁਰਮੁਖੀ ਦੀ ਵਿੱਦਿਆ ਦੇ ਖੇਤਰ ਵਿੱਚ ਵੀ ਲਗਾਤਾਰ ਸੇਵਾਵਾਂ ਦੇ ਰਹੀ ਹੈ। ਅਖੀਰ ਤੇ ਮੈਂਬਰ ਪਾਰਲੀਮੈਂਟ ਪੌਲੀਨ ਰੀਚਰਡ ਨੇ ਸਭ ਦਾ ਧੰਨਵਾਦ ਕੀਤਾ ਅਤੇ ਭਵਿੱਖ ਪੰਜਾਬ ਦੀ ਫੇਰੀ ‘ਤੇ ਜਾਣ ਦੀ ਖਾਹਿਸ਼ ਵੀ ਜ਼ਾਹਿਰ ਕੀਤੀ।