‘ਦ ਖ਼ਾਲਸ ਬਿਊਰੋ :- ਆਸਟ੍ਰੇਲਿਆਈ ਨਿਊਜ਼ ਚੈਨਲ ‘ਚ ਕੰਮ ਕਰਦੀ ਪੱਤਰਕਾਰ ਚੇਂਗ ਲੀ, ਜਿਸ ਦਾ ਜੰਮਪਲ ਚੀਨ ਦਾ ਹੀ ਹੈ, ਨੂੰ ਚੀਨੀ ਸਰਕਾਰ ਵੱਲੋਂ ਹਿਰਾਸਤ ’ਚ ਲਿਆ ਗਿਆ ਹੈ। ‘CGTN’ ਚੀਨੀ ਕੇਂਦਰੀ ਟੈਲੀਵਿਜ਼ਨ ਦਾ ਅੰਗਰੇਜ਼ੀ ਭਾਸ਼ਾਈ ਚੈਨਲ ਹੈ। ਚੇਂਗ ਲੀ ਦੀ ਹਿਰਾਸਤ ਬਾਰੇ ਜਾਣਕਾਰੀ ਆਸਟ੍ਰੇਲੀਆ ਦੀ ਸਰਕਾਰ ਨੇ ਦਿੱਤੀ ਹੈ।
ਆਸਟ੍ਰੇਲਿਆਈ ਅਧਿਕਾਰੀਆਂ ਨੇ ਵੀਡੀਓ ਲਿੰਕ ਰਾਹੀਂ ਉਸ ਤੱਕ ਸੰਪਰਕ ਕਾਇਮ ਕੀਤਾ ਹੈ। ਅਥਾਰਿਟੀ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਚੇਂਗ ਲੀ ਨੂੰ ਕਿਉਂ ਹਿਰਾਸਤ ਵਿੱਚ ਲਿਆ ਗਿਆ ਹੈ, ਪਰ ਉਹ ਉਸ ਨੂੰ ਮਦਦ ਦੇਣੀ ਜਾਰੀ ਰੱਖਣਗੇ। ਚੇਂਗ ਲੀ ਤੇ ਉਸ ਦਾ ਪਰਿਵਾਰ ਮੈਲਬਰਨ ਦਾ ਪੱਕਾ ਵਸਨੀਕ ਹੈ, ਅਤੇ ਜਾਣਕਾਰੀ ਮੁਤਾਬਕ ਜਿਸ ਕਾਨੂੰਨ ਤਹਿਤ ਮਹਿਲਾ ਪੱਤਰਕਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ ਤਹਿਤ ਕਿਸੇ ਨੂੰ ਬਿਨਾਂ ਗ੍ਰਿਫ਼ਤਾਰੀ ਛੇ ਮਹੀਨੇ ਸ਼ੱਕ ਦੇ ਅਧਾਰ ਉੱਤੇ ਹਿਰਾਸਤ ਵਿੱਚ ਪੁੱਛਗਿੱਛ ਲਈ ਰੱਖਿਆ ਜਾ ਸਕਦਾ ਹੈ।