ਆਸਟ੍ਰੇਲੀਆ ਵਿੱਚ, 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ਦੀ ਮਨਾਹੀ ਹੋ ਸਕਦੀ ਹੈ। ਆਸਟ੍ਰੇਲੀਅਨ ਪੀਐਮ ਐਂਥਨੀ ਐਲਬਨੀਜ਼ ਨੇ ਕਿਹਾ ਕਿ ਸਾਡੇ ਬੱਚਿਆਂ ਨੂੰ ਫੇਸਬੁੱਕ ਅਤੇ ਟਿੱਕਟੌਕ ਵਰਗੇ ਪਲੇਟਫਾਰਮਾਂ ਦੇ ਪ੍ਰਭਾਵ ਕਾਰਨ ਬਹੁਤ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਆਪਣੀ ਘੋਸ਼ਣਾ ਵਿੱਚ ਕਿਹਾ, ਜੇਕਰ ਰੈਗੂਲੇਟਰਾਂ ਨੂੰ ਨੌਜਵਾਨ ਉਪਭੋਗਤਾਵਾਂ ਦੁਆਰਾ ਨਿਯਮਾਂ ਨੂੰ ਤੋੜਨ ਦੀ ਜਾਣਕਾਰੀ ਮਿਲਦੀ ਹੈ, ਤਾਂ ਕੰਪਨੀ ਇਸਦੇ ਲਈ ਜ਼ਿੰਮੇਵਾਰ ਹੋਵੇਗੀ ਅਤੇ ਉਨ੍ਹਾਂ ਨੂੰ ਜੁਰਮਾਨਾ ਕੀਤਾ ਜਾਵੇਗਾ।
। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾਪਿਆਂ ਦੀਆਂ ਡਿਜੀਟਲ ਯੁੱਗ ’ਚ ਵੱਧ ਰਹੀਆਂ ਚਿੰਤਾਵਾਂ ਜਾਇਜ਼ ਹਨ ਅਤੇ ਸਰਕਾਰ ਬੱਚਿਆਂ ਨੂੰ ਇਨ੍ਹਾਂ ਆਨਲਾਈਨ ਖ਼ਤਰਿਆਂ ਤੋਂ ਬਚਾਉਣ ਲਈ ਵਚਨਬੱਧ ਹੈ। ਇਸ ਬਿੱਲ ਬਾਰੇ ਵਿਸਥਾਰ ’ਚ ਰਿਪੋਰਟ ਹਾਲੇ ਆਉਣੀ ਬਾਕੀ ਹੈ ਪਰ ਆਸਟਰੇਲੀਆ ਦੁਨੀਆ ’ਚ ਅਜਿਹਾ ਪਹਿਲਾ ਮੁਲਕ ਹੋਵੇਗਾ ਜਿੱਥੇ ਬੱਚਿਆਂ ਦੇ ਸੋਸ਼ਲ ਮੀਡੀਆ ਚਲਾਉਣ ’ਤੇ ਪਾਬੰਦੀ ਹੋਵੇਗੀ ਅਤੇ ਮਾਪਿਆਂ ਦੀ ਇਜ਼ਾਜਤ ਮਗਰੋਂ ਹੀ 16 ਸਾਲ ਤੋਂ ਘੱਟ ਉਮਰ ਦੇ ਬੱਚੇ ਸ਼ੋਸਲ ਮੀਡੀਆ ’ਤੇ ਆ ਸਕਣਗੇ।
ਕਾਨੂੰਨ ਬਣਨ ਦੇ ਸਾਲ ਬਾਅਦ ਇਸ ਨੂੰ ਪੂਰਨ ਤੌਰ ਉੱਤੇ ਲਾਗੂ ਕਰ ਦਿੱਤਾ ਜਾਵੇਗਾ। ਮੁਲਕ ਦੇ ਮੰਨੇ-ਪ੍ਰਮੰਨੇ ਮਾਹਿਰਾਂ ਨੇ ਸਰਕਾਰ ਨੂੰ ਇਹ ਅਪੀਲ ਕੀਤੀ ਸੀ ਕਿ ਬੱਚਿਆਂ ਦਾ ਆਨਲਾਈਨ ਖ਼ਤਰਿਆਂ ਤੋਂ ਬਚਾਅ ਕਰਨਾ ਲਾਜ਼ਮੀ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਵੀਡੀਓ ਪਲੈਟਫਾਰਮ ਬੱਚਿਆਂ ਦੀ ਮਾਨਸਿਕ ਸਿਹਤ ਬੁਰੀ ਤਰ੍ਹਾਂ ਵਿਗਾੜ ਰਹੇ ਹਨ। ਵੱਖ ਵੱਖ ਸਮਾਜਸੇਵੀ ਸੰਸਥਾਵਾਂ ਵੱਲੋਂ ਸਵਾ ਲੱਖ ਦਸਤਖ਼ਤਾਂ ਵਾਲੀ ਪਟੀਸ਼ਨ ਰਾਹੀਂ ਸਰਕਾਰ ਨੂੰ ਅਕਤੂਬਰ ’ਚ ਇਸ ਸਬੰਧੀ ਅਪੀਲ ਕੀਤੀ ਸੀ।
ਕੁਝ ਸਮਾਂ ਪਹਿਲਾਂ ਸਰਕਾਰ ਨੇ ਸੋਸ਼ਲ ਮੀਡੀਆ ਪਲੈਟਫਾਰਮਾਂ ਨੂੰ ਬੱਚਿਆਂ ਲਈ ਖ਼ਤਰਾ ਬਣਦੇ ਮਾਹੌਲ ਨੂੰ ਠੱਲ੍ਹ ਪਾਉਣ ਬਾਰੇ ਸਖ਼ਤ ਕਦਮ ਚੁੱਕਣ ਵਾਸਤੇ ਕਿਹਾ ਸੀ ਪਰ ਮੁਨਾਫੇ ਨੂੰ ਮੁੱਖ ਰੱਖਦਿਆਂ ਉਨ੍ਹਾਂ ਇਸ ਅਪੀਲ ਨੂੰ ਸੰਜੀਦਗੀ ਨਾਲ ਨਹੀਂ ਲਿਆ ਸੀ।
ਪਰ ਮੇਟਾ ਦੇ ਸੁਰੱਖਿਆ ਦੇ ਮੁਖੀ ਐਂਟੀਗੋਨ ਡੇਵਿਸ ਨੇ ਕਿਹਾ ਕਿ ਆਸਟਰੇਲੀਆ ਨੂੰ ਇਸ ਬਾਰੇ ਧਿਆਨ ਨਾਲ ਸੋਚਣਾ ਚਾਹੀਦਾ ਹੈ ਕਿ ਕਾਰਵਾਈ ਨੂੰ ਕਿਵੇਂ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ, ਮਾੜੇ ਕਾਨੂੰਨਾਂ ਨਾਲ ਸਾਨੂੰ ਚੰਗਾ ਮਹਿਸੂਸ ਹੋ ਸਕਦਾ ਹੈ ਕਿ ਅਸੀਂ ਇਸ ‘ਤੇ ਕਾਰਵਾਈ ਕੀਤੀ ਹੈ, ਪਰ ਇਹ ਮਾਪਿਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਬਿਹਤਰ ਸਥਿਤੀ ਵਿੱਚ ਨਹੀਂ ਪਾਵੇਗਾ।