International

ਉੱਤਰਾਖੰਡ ਦੀ ਤਬਾਹੀ ‘ਤੇ ਆਸਟਰੇਲੀਆ, ਨੇਪਾਲ ਅਤੇ ਅਮਰੀਕਾ ਨੇ ਜਤਾਈ ਡੂੰਘੀ ਹਮਦਰਦੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਉੱਤਰਾਖੰਡ ਵਿੱਚ ਗਲੇਸ਼ੀਅਰ ਟੁੱਟਣ ਦੇ ਨਾਲ ਹੋਈ ਤਬਾਹੀ ਵਿੱਚ ਵੱਖ-ਵੱਖ ਦੇਸ਼ਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਨ੍ਹਾਂ ਦੇਸ਼ਾਂ ਵੱਲੋਂ ਪੀੜਤ ਪਰਿਵਾਰਾਂ ਦੇ ਨਾਲ ਖੜਨ ਦਾ ਭਰੋਸਾ ਦਿੱਤਾ ਗਿਆ ਹੈ।

ਆਸਟਰੇਲੀਆ ਦੇ ਪ੍ਰਧਾਨਮੰਤਰੀ ਸਕਾਟ ਮੌਰੀਸਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਮੌਰੀਸਨ ਨੇ ਕਿਹਾ ਕਿ ‘ਆਸਟਰੇਲੀਆ ਇਸ ਬਹੁਤ ਮੁਸ਼ਕਲ ਸਮੇਂ ਵਿੱਚ ਆਪਣੇ ਇੱਕ ਕਰੀਬੀ ਦੋਸਤ ਦੇ ਨਾਲ ਖੜ੍ਹਾ ਹੈ’।

ਨੇਪਾਲ ਦੇ ਦੇਸ਼ ਮੰਤਰਾਲੇ ਨੇ ਕਿਹਾ ਕਿ ‘ ਅਸੀਂ ਉੱਤਰਾਖੰਡ ਵਿੱਚ ਬਰਫੀਲੇ ਤੂਫਾਨ ਕਾਰਨ ਆਏ ਹੜ੍ਹ ਕਾਰਨ ਕਈ ਵਿਅਕਤੀਆਂ ਦੀ ਮੌਤ ਅਤੇ ਲਾਪਤਾ ਹੋਣ ਦੀ ਖ਼ਬਰ ਤੋਂ ਦੁਖੀ ਹਾਂ। ਅਸੀਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹਾਂ ਅਤੇ ਲਾਪਤਾ ਹੋਏ ਲੋਕਾਂ ਦੀ ਸੁਰੱਖਿਆ ਲਈ ਅਰਦਾਸ ਕਰਦੇ ਹਾਂ’।

ਯੂਐੱਸ ਦੇ ਵਿਦੇਸ਼ ਵਿਭਾਗ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ‘ਭਾਰਤ ਵਿੱਚ ਗਲੇਸ਼ੀਅਰ ਫਟਣ ਅਤੇ ਜ਼ਮੀਨ ਖਿਸਕਣ ਨਾਲ ਪ੍ਰਭਾਵਤ ਲੋਕਾਂ ਪ੍ਰਤੀ ਸਾਡੀ ਡੂੰਘੀ ਹਮਦਰਦੀ ਹੈ। ਅਸੀਂ ਮ੍ਰਿਤਕਾਂ ਦੇ ਪਰਿਵਾਰ ਅਤੇ ਦੋਸਤਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਅਤੇ ਜ਼ਖਮੀਆਂ ਦੇ ਜਲਦੀ ਅਤੇ ਪੂਰੀ ਸਿਹਤਯਾਬੀ ਲਈ ਉਮੀਦ ਕਰਦੇ ਹਾਂ’।