ਆਸਟ੍ਰੇਲੀਆ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਸਰਕਾਰ ਨੇ ਵਿਦਿਆਰਥੀ ਵੀਜ਼ਾ ਫੀਸ ਦੁੱਗਣੀ ਤੋਂ ਵੀ ਵਧਾ ਦਿੱਤੀ ਹੈ। ਇਸਦੇ ਨਾਲ ਹੀ, ਵਿਜ਼ਟਰ ਵੀਜ਼ਾ ਧਾਰਕ ਤੇ ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕ ਵਿਦਿਆਰਥੀ ਵੀਜ਼ਾ ਲਈ ਅਪਲਾਈ ਕਰਨ ਦੇ ਯੋਗ ਨਹੀਂ ਹੋਣਗੇ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਸਰਕਾਰ ਨੇ ਇਹ ਕਦਮ ਹਾਲ ਹੀ ਵਿਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਤੇ ਹਾਊਜ਼ਿੰਗ ਮਾਰਕਿਟ ’ਤੇ ਪੈਂਦੇ ਦਬਾਅ ਨੂੰ ਦੇਖਦਿਆਂ ਚੁੱਕਿਆ ਹੈ।
ਹੁਣ ਇਸ ਦਾ ਸਭ ਤੋਂ ਵੱਧ ਅਸਰ ਭਾਰਤੀ ਵਿਦਿਆਰਥੀਆਂ ’ਤੇ ਪਵੇਗਾ, ਕਿਉਂਕਿ ਆਸਟ੍ਰੇਲੀਆ ਵਿੱਚ ਪੜ੍ਹਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਦੂਜੇ ਨੰਬਰ ’ਤੇ ਹੈ। ਸਰਕਾਰੀ ਅੰਕੜਿਆਂ ਅਨੁਸਾਰ ਸਾਲ 2022 ਵਿੱਚ ਇੱਕ ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਆਸਟ੍ਰੇਲੀਆਈ ਸੰਸਥਾਵਾਂ ਵਿੱਚ ਪੜ੍ਹ ਰਹੇ ਸਨ। ਜਨਵਰੀ ਤੋਂ ਸਤੰਬਰ 2023 ਦੀ ਮਿਆਦ ਵਿੱਚ ਇਹ ਸੰਖਿਆ 1.22 ਲੱਖ ਸੀ। ਹੁਣ ਉਨ੍ਹਾਂ ਨੂੰ ਆਸਟ੍ਰੇਲੀਆ ਵਿੱਚ ਪੜ੍ਹਨ ਲਈ ਹੋਰ ਪੈਸੇ ਖ਼ਰਚਣੇ ਪੈਣਗੇ।
89,000 ਰੁਪਏ ਲਈ ਜਾਵੇਗੀ ਵੀਜ਼ਾ ਫੀਸ
ਆਸਟ੍ਰੇਲੀਆ ਨੇ 1 ਜੁਲਾਈ ਤੋਂ ਵਿਦੇਸ਼ੀ ਵਿਦਿਆਰਥੀਆਂ ਲਈ ਵਿਦਿਆਰਥੀ ਵੀਜ਼ਾ ਫੀਸ 710 ਆਸਟ੍ਰੇਲੀਅਨ ਡਾਲਰ (ਕਰੀਬ 39,527 ਰੁਪਏ) ਤੋਂ ਵਧਾ ਕੇ 1,600 ਆਸਟ੍ਰੇਲੀਅਨ ਡਾਲਰ (ਲਗਭਗ 89,059 ਰੁਪਏ) ਕਰ ਦਿੱਤੀ ਹੈ। ਨਵੀਂ ਫੀਸਾਂ ਵੀ 1 ਜੁਲਾਈ ਤੋਂ ਲਾਗੂ ਹੋ ਗਈ ਹੈ।
ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਕਲੇਰ ਓ’ਨੀਲ ਨੇ ਕਿਹਾ ਕਿ ਇਨ੍ਹਾਂ ਤਬਦੀਲੀਆਂ ਨਾਲ ਹਾਊਸਿੰਗ ਮਾਰਕੀਟ ’ਤੇ ਦਬਾਅ ਘੱਟ ਹੋਵੇਗਾ। ਮਾਰਚ ਦੇ ਅੰਕੜਿਆਂ ਅਨੁਸਾਰ 30 ਸਤੰਬਰ 2023 ਤੱਕ ਮਾਈਗ੍ਰੇਸ਼ਨ 60 ਫੀਸਦੀ ਵਧ ਕੇ 5,48,800 ਹੋ ਗਈ ਸੀ।
ਅਮਰੀਕਾ ਨਾਲੋਂ ਮਹਿੰਗਾ ਹੋਇਆ ਸਟੂਡੈਂਟ ਵੀਜ਼ਾ
ਨਵੀਂ ਪ੍ਰਣਾਲੀ ਤੋਂ ਬਾਅਦ ਆਸਟ੍ਰੇਲੀਆ ਵਿੱਚ ਵਿਦਿਆਰਥੀ ਵੀਜ਼ਾ ਲੈਣਾ ਅਮਰੀਕਾ ਅਤੇ ਕੈਨੇਡਾ ਨਾਲੋਂ ਵੀ ਮਹਿੰਗਾ ਹੋ ਗਿਆ ਹੈ। ਵਰਤਮਾਨ ਵਿੱਚ ਇਹ ਫੀਸ ਅਮਰੀਕਾ ਵਿੱਚ 185 ਕੈਨੇਡੀਅਨ ਡਾਲਰ ਅਤੇ ਕੈਨੇਡਾ ਵਿੱਚ 150 ਕੈਨੇਡੀਅਨ ਡਾਲਰ ਹੈ। ਆਸਟ੍ਰੇਲੀਅਨ ਸਰਕਾਰ ਨੇ ਕਿਹਾ ਕਿ ਇਹ ਬਦਲਾਅ ਵੀਜ਼ਾ ਨਿਯਮਾਂ ਵਿੱਚ ਖ਼ਾਮੀਆਂ ਨੂੰ ਦੂਰ ਕਰਨ ਵਿੱਚ ਮਦਦ ਕਰੇਗਾ।
ਇਸ ਨਾਲ ਇਹ ਵੀ ਫਾਇਦਾ ਹੋਵੇਗਾ ਕਿ ਸਿਰਫ਼ ਅਸਲੀ ਵਿਦਿਆਰਥੀ ਹੀ ਵੀਜ਼ਾ ਲੈ ਸਕਣਗੇ। ਇਸ ਨਾਲ ਦੇਸ਼ ਦੇ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ। ਇਸ ਦੇ ਨਾਲ ਹੀ ਕੈਨੇਡਾ ਨੇ ਵੀ ਅਜਿਹੇ ਕਈ ਬਦਲਾਅ ਕੀਤੇ ਹਨ। ਉੱਥੇ ਵੀ ਨਿਯਮ ਸਖ਼ਤ ਕੀਤੇ ਗਏ ਸਨ, ਇਸ ਦਾ ਅਸਰ ਭਾਰਤ ਦੇ ਹਜ਼ਾਰਾਂ ਵਿਦਿਆਰਥੀਆਂ ’ਤੇ ਵੀ ਪੈ ਰਿਹਾ ਹੈ।