Punjab

ਘਰ ‘ਚ ਚੱਲ ਰਹੀ ਸੀ ਸਗਾਈ ਦੀ ਤਿਆਰੀ ! ਆਸਟੇਲੀਆ ਤੋਂ ਇਕਲੌਤੇ 24 ਸਾਲ ਦੇ ਪੁੱਤ ਦੀ ਖ਼ਬਰ ਨੇ ਮਾਹੌਲ ਬਦਲ ਦਿੱਤਾ

ਬਿਉਰੋ ਰਿਪੋਰਟ : ਗੁਰਦਾਸਪੁਰ ਦਾ ਅੰਮ੍ਰਿਤਪਾਲ ਸਿੰਘ ਆਸਟ੍ਰੇਲੀਆ ਗਿਆ ਸੀ ਪੜਨ ਦੇ ਲਈ । ਪੜਾਈ ਵਿੱਚ ਸ਼ੁਰੂ ਤੋਂ ਅੰਮ੍ਰਿਤਪਾਲ ਨੰਬਰ 1 ‘ਤੇ ਸੀ । ਘਰ ਵਾਲਿਆਂ ਨੂੰ ਹਮੇਸ਼ਾ ਉਸ ‘ਤੇ ਮਾਣ ਸੀ । ਇਸੇ ਲਈ ਜਦੋਂ 2017 ਨੂੰ ਅੰਮ੍ਰਿਤਪਾਲ ਨੇ ਪੜਨ ਦੇ ਲਈ ਆਸਟ੍ਰੇਲੀਆ ਜਾਣ ਦਾ ਫੈਸਲਾ ਲਿਆ ਤਾਂ ਪਰਿਵਾਰ ਨੇ ਵੀ ਉਸ ਦਾ ਸਾਥ ਦਿੱਤਾ । ਅੰਮ੍ਰਿਤਪਾਲ ਪੜਾਈ ਦੇ ਨਾਲ ਕੰਮ ਵੀ ਕਰਦਾ ਸੀ । 6 ਸਾਲ ਤੋਂ ਆਸਟ੍ਰੇਲੀਆ ਵਿੱਚ ਮਿਹਨਤ ਕਰ ਰਹੇ 24 ਸਾਲ ਦੇ ਅੰਮ੍ਰਿਤਪਾਲ ਨੂੰ ਆਪਣੀ ਭੈਣ ਦੇ ਵਿਆਹ ਦਾ ਬਹੁਤ ਚਾਹ ਸੀ । ਘਰ ਵਿੱਚ ਭੈਣ ਦੀ ਸਗਾਈ ਦੀ ਤਿਆਰੀ ਚੱਲ ਰਹੀ ਸੀ । ਰਸਮਾਂ ਨਿਭਾਇਆ ਜਾ ਰਹੀਆਂ ਸਨ । ਅਜਿਹੇ ਵਿੱਚ ਆਸਟ੍ਰੇਲੀਆ ਤੋਂ ਅੰਮ੍ਰਿਤਪਾਲ ਸਿੰਘ ਨੂੰ ਲੈਕੇ ਇੱਕ ਖ਼ਬਰ ਆਈ ਹੈ ਜਿਸ ਨੇ ਪੂਰੇ ਘਰ ਦੇ ਮਾਹੌਲ ਨੂੰ ਬਦਲ ਦਿੱਤਾ ਹੈ।

ਅੰਮ੍ਰਿਤਪਾਲ ਦੇ ਪਿਤਾ ਜਸਪਾਲ ਸਿੰਘ ਨੇ ਦੱਸਿਆ ਕਿ 18 ਫਰਵਰੀ ਅੰਮ੍ਰਿਤਪਾਲ ਰੋਜ਼ਾਨਾ ਵਾਂਗ ਆਸਟ੍ਰੇਲੀਆ ਵਿੱਚ ਆਪਣੇ ਘਰ ਤੋਂ ਕੰਮ ਦੇ ਲਈ ਗਿਆ । ਜਦੋਂ ਸ਼ਾਮ ਨੂੰ ਘਰ ਪਰਤਿਆਂ ਤਾਂ ਉਸ ਦੀ ਮੌਤ ਹੋ ਗਈ । ਮੌਤ ਦੇ ਪਿੱਛੇ ਕੀ ਵਜ੍ਹਾ ਹੈ ? ਇਸ ਬਾਰੇ ਪਰਿਵਾਰ ਨੂੰ ਵੀ ਨਹੀਂ ਪਤਾ ਹੈ । ਪਰ ਸ਼ਗਨਾਂ ਵਾਲਾ ਘਰ ਮਾਤਮ ਵਿੱਚ ਜ਼ਰੂਰ ਬਦਲ ਗਿਆ ਹੈ । ਪਿਤਾ ਨੇ ਦੱਸਿਆ ਕਿ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਰਵਿੰਦਰ ਸਿੰਘ ਦੇ ਪੁੱਤਰ ਮਨਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਪੁੱਤਰ ਦੀ ਮੌਤ ਦੀ ਖ਼ਬਰ ਦਿੱਤੀ । ਅੰਮ੍ਰਿਤਪਾਲ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਜਾਂ ਫਿਰ ਕੋਈ ਵਜ੍ਹਾ ? ਇਹ ਸਸਪੈਂਸ ਬਣਿਆ ਹੋਇਆ ਹੈ । ਪਰ ਇਸ ਵਿਚਾਲੇ ਇੱਕ ਘਰ ਨੇ ਆਪਣਾ ਇਕਲੌਤਾ ਪੁੱਤ ਗਵਾ ਦਿੱਤਾ ਹੈ । ਪਰਿਵਾਰ ਨੂੰ ਨਹੀਂ ਪਤਾ ਕੀ ਪੁੱਤਰ ਦੀ ਮੌਤ ਦੇ ਪਿੱਛੇ ਕੀ ਕਾਰਨ ਹੈ ਪਰ ਉਹ ਸੂਬਾ,ਕੇਂਦਰ ਅਤੇ ਆਸਟ੍ਰੇਲੀਆ ਸਰਕਾਰ ਤੋਂ ਇੱਕ ਮਦਦ ਦੀ ਗੁਹਾਰ ਜ਼ਰੂਰ ਲੱਗਾ ਰਿਹਾ ਹੈ।

ਲਾਸ਼ ਨੂੰ ਪੰਜਾਬ ਲਿਆਉਣ ਦੀ ਮੰਗ

ਪਰਿਵਾਰ ਨੇ ਪੰਜਾਬ ਸਰਕਾਰ,ਕੇਂਦਰ ਅਤੇ ਆਸਟ੍ਰੇਲੀਆ ਸਰਕਾਰ ਨੂੰ ਮੰਗ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਅੰਮ੍ਰਿਤਪਾਲ ਸਿੰਘ ਦੀ ਲਾਸ਼ ਨੂੰ ਪੰਜਾਬ ਵਾਪਸ ਭੇਜਣ ਦਾ ਇੰਤਜ਼ਾਮ ਕਰਨ। ਉਸ ਦੀ ਛੋਟੀ ਭੈਣ ਦੀ ਸਗਾਈ ਦੀਆਂ ਰਸਮਾਂ ਚੱਲ ਰਹੀਆਂ ਸਨ । ਪੁੱਤਰ ਦੇ ਚੱਲੇ ਜਾਣ ਤੋਂ ਬਾਅਦ ਪਰਿਵਾਰ ਦੀਆਂ ਖੁਸ਼ਿਆ ਅਚਾਨਕ ਮਾਤਮ ਵਿੱਚ ਬਦਲ ਗਈਆਂ ਹਨ ।