Punjab

ਅੰਮ੍ਰਿਤਸਰ ’ਚ ਚਾਚੀ ਨੇ ਵੇਚ ਦਿੱਤੀ ਨਬਾਲਿਗ ਭਤੀਜੀ! ਫਾਜ਼ਿਲਕਾ ਦੀ ਔਰਤ ਨੇ 1 ਲੱਖ ’ਚ ਖ਼ਰੀਦੀ, 3 ਗ੍ਰਿਫ਼ਤਾਰ

ਬਿਉਰੋ ਰਿਪੋਰਟ: ਅੰਮ੍ਰਿਤਸਰ ’ਚ ਪੁਲਿਸ ਨੇ ਨਾਬਾਲਗ ਲੜਕੀਆਂ ਨੂੰ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਲੜਕੀ ਦੀ ਚਾਚੀ ਅਤੇ ਚਚੇਰੀ ਭੈਣ ਸਮੇਤ ਤਿੰਨ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਨੇ ਆਪਣੀ ਹੀ ਭਤੀਜੀ ਅਤੇ ਭੈਣ ਨੂੰ ਇੱਕ ਲੱਖ ਰੁਪਏ ਵਿੱਚ ਵੇਚ ਦਿੱਤਾ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ ਅਨੁਸਾਰ ਥਾਣਾ ਸਿਟੀ ਦੇ ਡੀ.ਸੀ.ਪੀ ਵਿਸ਼ਾਲਜੀਤ ਸਿੰਘ ਦੀ ਅਗਵਾਈ ’ਚ ਇੰਸਪੈਕਟਰ ਮਨਜੀਤ ਕੌਰ ਦੀ ਪੁਲਿਸ ਪਾਰਟੀ ਨੇ 15 ਸਾਲਾ ਨਾਬਾਲਗ ਲੜਕੀ ਨੂੰ ਅਗਵਾਹ ਕਰਕੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 3 ਔਰਤਾਂ ਨੂੰ ਗ੍ਰਿਫ਼ਤਾਰ ਕਰਨ ’ਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਫੜੀਆਂ ਗਈਆਂ ਤਿੰਨ ਔਰਤਾਂ ਦੀ ਪਛਾਣ ਕਿਰਨ ਦੇਵੀ ਪਤਨੀ ਰਵਿੰਦਰ ਕੁਮਾਰ ਵਾਸੀ ਹਾਊਸ ਗਾਂਧੀ ਨਗਰ ਫਾਜ਼ਿਲਕਾ, ਰਾਜ ਕੌਰ ਪਤਨੀ ਗੋਰਾ ਵਾਸੀ ਗਲੀ ਪੌੜੀਆ ਵਾਲਾ, ਛੋਟਾ ਹਰੀਪੁਰਾ ਅੰਮ੍ਰਿਤਸਰ ਅਤੇ ਨਵਜੋਤ ਕੌਰ ਪਤਨੀ ਗੋਰਾ ਵਾਸੀ ਗਲੀ ਪੌੜੀਆ ਵਾਲੀ, ਛੋਟਾ ਹਰੀਪੁਰਾ ਅੰਮ੍ਰਿਤਸਰ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਇਨ੍ਹਾਂ ਔਰਤਾਂ ਦੇ ਦੋ ਹੋਰ ਸਾਥੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਜਿਸ ਦੀ ਭਾਲ ਜਾਰੀ ਹੈ।

ਜੁਲਾਈ ਵਿੱਚ ਲਾਪਤਾ ਹੋਈ ਸੀ ਲੜਕੀ

ਇਹ ਮਾਮਲਾ ਅੰਮ੍ਰਿਤਸਰ ਦੇ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਦਰਜ ਕਰਵਾਇਆ ਗਿਆ ਸੀ, ਪੀੜਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸਦੀ ਪਤਨੀ ਦੀ 10 ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਦੀ 15 ਸਾਲਾ ਨਾਬਾਲਗ ਧੀ ਦੀ ਕੋਈ ਪੜ੍ਹਾਈ ਨਹੀਂ ਸੀ ਅਤੇ ਉਹ ਘਰ ਦਾ ਕੰਮ ਕਰਦੀ ਸੀ।

13 ਜੁਲਾਈ ਨੂੰ ਉਸ ਦੀ ਲੜਕੀ ਆਪਣੀ ਦਾਦੀ ਨੂੰ ਪੁੱਛੇ ਬਿਨਾਂ ਘਰੋਂ ਚਲੀ ਗਈ। ਜਿਸ ਦੀ ਪਰਿਵਾਰਕ ਮੈਂਬਰਾਂ ਵੱਲੋਂ ਭਾਲ ਜਾਰੀ ਹੈ। ਪਰ ਉਸ ਦਾ ਪਤਾ ਨਹੀਂ ਲੱਗਾ। ਪਿਤਾ ਅਨੁਸਾਰ ਉਸ ਨੂੰ ਸ਼ੱਕ ਸੀ ਕਿ ਉਸ ਦੀ ਲੜਕੀ ਨੂੰ ਕੋਈ ਅਣਪਛਾਤਾ ਵਿਅਕਤੀ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ, ਜਿਸ ’ਤੇ ਮਾਮਲਾ ਦਰਜ ਕਰ ਲਿਆ ਗਿਆ ਸੀ। ਪੁਲਿਸ ਪਾਰਟੀ ਨੇ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰਨ ਤੋਂ ਬਾਅਦ ਨਾਬਾਲਗ ਲੜਕੀ ਨੂੰ ਬਰਾਮਦ ਕਰ ਲਿਆ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਫਾਜ਼ਿਲਕਾ ਦੀ ਔਰਤ ਨੇ 1 ਲੱਖ ਰੁਪਏ ’ਚ ਖਰੀਦੀ ਲੜਕੀ

ਪੁਲਿਸ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਫੜੀ ਗਈ ਔਰਤ ਕਿਰਨ ਦੇਵੀ ਵਾਸੀ ਫ਼ਾਜ਼ਿਲਕਾ ਨੇ ਨਾਬਾਲਗ ਲੜਕੀ ਨੂੰ ਰਾਜ ਕੌਰ ਅਤੇ ਨਵਜੋਤ ਕੌਰ ਦੋਵੇਂ ਵਾਸੀ ਛੋਟਾ ਹਰੀਪੁਰਾ ਜ਼ਿਲ੍ਹਾ ਅੰਮ੍ਰਿਤਸਰ ਤੋਂ 1 ਲੱਖ ਰੁਪਏ ਵਿੱਚ ਖਰੀਦਿਆ ਸੀ। ਰਾਜ ਕੌਰ ਅਤੇ ਨਵਜੋਤ ਕੌਰ ਨਾਬਾਲਗ ਲੜਕੀ ਦੀ ਚਾਚੀ ਅਤੇ ਭੈਣ ਲੱਗਦੀਆਂ ਹਨ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।