ਬਿਉਰੋ ਰਿਪੋਰਟ: ਲੁਧਿਆਣਾ ਪੁਲਿਸ ਨੇ ਸ਼ਹਿਰ ਵਿੱਚ 3 ATM ਲੁੱਟਣ ਦੀ ਯੋਜਨਾ ਬਣਾਉਂਦੇ ਹੋਏ 5 ਅਪਰਾਧੀਆਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਹਨ। ਇਹ ਬਦਮਾਸ਼ ਪਹਿਲਾਂ ਵੀ ਸ਼ਹਿਰ ਵਿੱਚ ਲੁੱਟ-ਖੋਹ ਅਤੇ ਵਾਹਨ ਚੋਰੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਬਦਮਾਸ਼ਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ।
ਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਪੁਲਿਸ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਆਰਐਨਡੀ ਕਾਲਜ ਦੇ ਪਿੱਛੇ ਖਾਲੀ ਪਲਾਟ ਵਿੱਚ ਬੈਠੇ ਕੁਝ ਵਿਅਕਤੀ ਸ਼ਹਿਰ ਦੇ ਬਿੰਦਰਾ ਕੰਪਲੈਕਸ ਵਿੱਚ ਸਥਿਤ ਆਈਸੀਆਈਸੀਆਈ ਬੈਂਕ, ਸੈਂਟਰਲ ਬੈਂਕ ਆਫ਼ ਇੰਡੀਆ ਅਤੇ ਇੰਡੋਸੈਂਡ ਬੈਂਕ ਦੇ ਏਟੀਐਮ ਤੋੜਨ ਅਤੇ ਲੁੱਟਣ ਦੀ ਯੋਜਨਾ ਬਣਾ ਰਹੇ ਹਨ ਤੇ ਉਨ੍ਹਾਂ ਕੋਲ ਤੇਜ਼ਧਾਰ ਹਥਿਆਰ ਵੀ ਹਨ। ਇਸ ਲਈ ਪੁਲਿਸ ਨੇ ਏਡੀਸੀਪੀ ਪਰਭਜੋਤ ਸਿੰਘ ਵਿਰਕ ਦੀ ਅਗਵਾਈ ਵਿੱਚ ਟੀਮ ਦਾ ਗਠਨ ਕੀਤਾ।
ਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਏਡੀਸੀਪੀ ਪਰਭਜੋਤ ਸਿੰਘ ਵਿਰਕ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ 5 ਬਦਮਾਸ਼ਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ 1 ਖਿਡੌਣਾ ਪਿਸਤੌਲ, 3 ਮੋਬਾਇਲ ਫੋਨ, 2 ਲੋਹੇ ਦੇ ਦੰਦ, ਇਕ ਲੋਹੇ ਦੀ ਰਾਡ, 2 ਚੋਰੀ ਦੇ ਮੋਟਰਸਾਈਕਲ ਅਤੇ ਇੱਕ ਐਕਟਿਵਾ ਬਰਾਮਦ ਕੀਤੀ ਹੈ।
ਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਮੰਗਾ ਸਿੰਘ ਫੋਕਲ ਪੁਆਇੰਟ ਲੁਧਿਆਣਾ, ਮੰਟੂ ਕੁਮਾਰ ਵਾਸੀ ਜਮਾਲਪੁਰ, ਦੇਵ ਕੁਮਾਰ ਫੋਕਲ ਪੁਆਇੰਟ ਲੁਧਿਆਣਾ, ਸੰਦੀਪ ਕੁਮਾਰ ਜੀਵਨ ਨਗਰ ਲੁਧਿਆਣਾ ਅਤੇ ਵਿਕਾਸ ਕੁਮਾਰ ਉਰਫ਼ ਨੇਪਾਲੀ ਵਾਸੀ ਫੋਕਲ ਪੁਆਇੰਟ ਵਜੋਂ ਹੋਈ ਹੈ, ਜਿਨ੍ਹਾਂ ਖ਼ਿਲਾਫ਼ ਪਹਿਲਾਂ ਤੋਂ ਹੀ ਵੱਖ-ਵੱਖ ਥਾਣਿਆਂ ਵਿੱਚ ਅਪਰਾਧਿਕ ਮਾਮਲੇ ਦਰਜ ਹਨ।