Punjab Religion

ਅੰਮ੍ਰਿਤਸਰ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਬੰਧਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼, SGPC ਨੇ ਲਿਆ ਨੋਟਿਸ

ਬਿਊਰੋ ਰਿਪੋਰਟ (4 ਨਵੰਬਰ, 2025): ਅੰਮ੍ਰਿਤਸਰ ਸਥਿਤ ਹਲਕਾ ਮਜੀਠਾ ਦੇ ਪਿੰਡ ਰੁਮਾਣਾ ਚੱਕ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਮਾਮਲੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਇਲਜ਼ਮ ਲਾਇਆ ਕਿ ਪਿੰਡ ਦੇ ਸਰਪੰਚ ਵੱਲੋਂ ਸਰਕਾਰੀ ਸ਼ਹਿ ’ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਧਾਮੀ ਨੇ ਕਿਹਾ ਕਿ ਇਸ ਗੁਰਦੁਆਰੇ ਦਾ ਪ੍ਰਬੰਧ ਬਾਬਾ ਸਤਿੰਦਰ ਸਿੰਘ ਮੁਕੇਰੀਆਂ ਵਾਲਿਆਂ ਦੀ ਅਗਵਾਈ ਹੇਠ, ਸਥਾਨਕ ਸੰਗਤ ਦੇ ਸਹਿਯੋਗ ਨਾਲ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਇਸ ਦੇ ਬਾਵਜੂਦ, ਸਰਕਾਰ ਆਪਣੇ ਲੋਕਾਂ ਰਾਹੀਂ ਜ਼ਬਰਦਸਤੀ ਕਬਜ਼ੇ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਧਾਰਮਿਕ ਆਜ਼ਾਦੀ ’ਤੇ ਸਿੱਧਾ ਹਮਲਾ ਹੈ।

ਪ੍ਰਸ਼ਾਸਨ ‘ਤੇ ਦਬੰਗਈ ਨੂੰ ਸਮਰਥਨ ਦੇਣ ਦੇ ਇਲਜ਼ਾਮ

ਐੱਸ.ਜੀ.ਪੀ.ਸੀ. ਪ੍ਰਧਾਨ ਨੇ ਕਿਹਾ ਕਿ ਪਿੰਡ ਵਾਸੀਆਂ ਦੇ ਵਿਰੋਧ ਦੇ ਬਾਵਜੂਦ, ਪੁਲਿਸ ਪ੍ਰਸ਼ਾਸਨ ਦਾ ਸੰਗਤ ਦਾ ਸਾਥ ਨਾ ਦੇਣਾ, ਆਮ ਆਦਮੀ ਪਾਰਟੀ ਦੇ ਸਰਪੰਚ ਦੀ ਦਬੰਗਈ ਨੂੰ ਸਮਰਥਨ ਦੇਣ ਦੇ ਬਰਾਬਰ ਹੈ।

ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਪੂਰੀ ਤਾਕਤ ਨਾਲ ਜ਼ਬਰਦਸਤੀ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਕਾਰਨ ਸਿੱਖ ਸੰਗਤਾਂ ਵਿੱਚ ਗਹਿਰਾ ਰੋਸ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸਿੱਖ ਕੌਮ ਅਜਿਹੇ ਕਿਸੇ ਵੀ ਸਰਕਾਰੀ ਦਖ਼ਲ ਨੂੰ ਕਦੇ ਵੀ ਸਵੀਕਾਰ ਨਹੀਂ ਕਰੇਗੀ ਅਤੇ ਸਰਕਾਰ ਦੀ ਇਹ ਕਾਰਵਾਈ ਧਾਰਮਿਕ ਸੰਸਥਾਵਾਂ ਦੇ ਅਧਿਕਾਰਾਂ ’ਤੇ ਹਮਲਾ ਹੈ।

ਮਾਮਲੇ ਦੀ ਪੈਰਵੀ ਲਈ ਨਿਯੁਕਤੀ

ਐਡਵੋਕੇਟ ਧਾਮੀ ਨੇ ਦੱਸਿਆ ਕਿ ਇਸ ਗੰਭੀਰ ਮਾਮਲੇ ਦੀ ਜਾਂਚ ਅਤੇ ਪੈਰਵੀ ਕਰਨ ਲਈ ਸ਼੍ਰੋਮਣੀ ਕਮੇਟੀ ਮੈਂਬਰ ਸਰਦਾਰ ਜੋਧ ਸਿੰਘ ਸਮਰਾ ਨੂੰ ਵਿਸ਼ੇਸ਼ ਤੌਰ ’ਤੇ ਨਿਯੁਕਤ ਕੀਤਾ ਗਿਆ ਹੈ।