Punjab Religion

ਫਿਰੋਜ਼ਪੁਰ ਦੇ ਗੁਰਦੁਆਰਾ ਸਾਹਿਬ ‘ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਕੋਸ਼ਿਸ਼, ਨਸ਼ਾ ਕਰ ਨੌਜਵਾਨ ਨੇ ਖਿੱਚਿਆ ਰੁਮਾਲਾ ਸਾਹਿਬ

ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਜੀਵਾਂ ਅਰਾਈ ਵਿਖੇ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ 13 ਦਸੰਬਰ 2025 ਨੂੰ ਵਾਪਰੀ, ਜੋ ਗੁਰਦੁਆਰੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।

ਇੱਕ ਨਸ਼ੇ ਵਿੱਚ ਧੁੱਤ ਨੌਜਵਾਨ ਨੇ ਗੁਰਦੁਆਰੇ ਵਿੱਚ ਦਾਖਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਰੱਖੇ ਰੁਮਾਲੇ ਸਾਹਿਬ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਗੁਰੂ ਸਾਹਿਬ ਜੀ ਨੂੰ ਹੇਠਾਂ ਸੁੱਟਣ ਦਾ ਖਤਰਾ ਸੀ।

ਘਟਨਾ ਵੇਲੇ ਗੁਰਦੁਆਰੇ ਵਿੱਚ ਪਾਠੀ ਸਿੰਘ ਅਰਦਾਸ ਕਰ ਰਹੇ ਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸੇ ਘਰ ਸੁਖਮਨੀ ਸਾਹਿਬ ਦੇ ਪਾਠ ਲਈ ਲਿਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ। ਅਚਾਨਕ ਨਸ਼ੇੜੀ ਨੌਜਵਾਨ ਗੁਰਦੁਆਰੇ ਵਿੱਚ ਭੱਜਿਆ ਆਇਆ ਅਤੇ ਗੁਰੂ ਸਾਹਿਬ ਜੀ ਨੂੰ ਛੂਹ ਕੇ ਰੁਮਾਲੇ ਨੂੰ ਖਿੱਚਣ ਲੱਗ ਪਿਆ। ਉਹ ਨਸ਼ੇ ਦੀ ਹਾਲਤ ਵਿੱਚ ਧੁੱਤ ਜਾਪ ਰਿਹਾ ਸੀ।

ਮੌਕੇ ਤੇ ਮੌਜੂਦ ਪਾਠੀ ਸਿੰਘ ਅਤੇ ਹੋਰ ਸੰਗਤ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ। ਪਾਠੀ ਨੇ ਨੌਜਵਾਨ ਦਾ ਹੱਥ ਫੜ ਲਿਆ, ਰੁਮਾਲਾ ਜ਼ਬਰਦਸਤੀ ਕੱਢ ਲਿਆ ਅਤੇ ਉਸ ਨੂੰ ਬਾਹਰ ਖਿੱਚ ਕੇ ਲੈ ਗਏ। ਫਿਰ ਰੌਲਾ ਪਾ ਕੇ ਸੰਗਤ ਨੂੰ ਇਕੱਠਾ ਕੀਤਾ ਗਿਆ। ਗੁੱਸੇ ਵਿੱਚ ਆਈ ਸੰਗਤ ਨੇ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ।

ਲੋਕਾਂ ਨੇ ਕਿਹਾ ਕਿ ਜੇ ਸਮੇਂ ਸਿਰ ਨਾ ਫੜਿਆ ਜਾਂਦਾ ਤਾਂ ਉਹ ਘਿਨੌਣਾ ਕੰਮ ਕਰ ਸਕਦਾ ਸੀ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਦੀ।ਇਸ ਤੋਂ ਬਾਅਦ ਸੰਗਤ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਟੀਮ ਮੌਕੇ ਤੇ ਪਹੁੰਚੀ ਅਤੇ ਦੋਸ਼ੀ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ। ਪਿੰਡ ਵਾਸੀਆਂ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਫਿਲਹਾਲ ਦੋਸ਼ੀ ਨੂੰ ਥਾਣੇ ਲਿਜਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਾਂਚ ਜਾਰੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਘਟਨਾ ਸਿੱਖ ਭਾਈਚਾਰੇ ਵਿੱਚ ਗਹਿਰੇ ਗੁੱਸੇ ਦਾ ਕਾਰਨ ਬਣੀ ਹੈ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਲਈ ਜੀਵਤ ਗੁਰੂ ਮੰਨਿਆ ਜਾਂਦਾ ਹੈ। ਅਜਿਹੀਆਂ ਘਟਨਾਵਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ।