Punjab

ਦਲ ਖਾਲਸਾ ਵੱਲੋਂ ਕਾਲੇ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਦੀ ਫੜੋ ਫੜਾਈ ਖ਼ਿਲਾਫ਼ ਜਥੇਦਾਰ ਹਰਪ੍ਰੀਤ ਸਿੰਘ ਨੂੰ ਜਗਾਉਣ ਦੀ ਕੋਸ਼ਿਸ਼

‘ਦ ਖ਼ਾਲਸ ਬਿਊਰੋ:- ਦੇਸ਼ ਅੰਦਰ UAPA ਕਾਨੂੰਨ ਤਹਿਤ ਸਿੱਖ ਨੌਜਵਾਨਾਂ ਦੀ ਫੜੋ ਫੜਾਈ ਖਿਲਾਫ ਅਤੇ ਘੱਟ ਗਿਣਤੀਆਂ ‘ਤੇ ਕੀਤੇ ਜਾ ਰਹੇ ਧੱਕੇ ਬਾਰੇ ਜਥੇਬੰਦੀ ਦਲ ਖਾਲਸਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਪੱਤਰ ਲਿੱਖ ਕੇ ਅਪੀਲ ਕੀਤੀ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ ਭਾਰਤ ਦੇ ਰਾਸ਼ਟਰੀ ਸ਼੍ਰੀ ਰਾਮ ਨਾਥ ਕੋਵਿੰਦ ਨੂੰ ਸਰਕਾਰ ਵੱਲੋਂ ਕੀਤੇ ਜਾ ਰਹੇ ਜ਼ੁਲਮਾਂ ਦਾ ਸ਼ੀਸ਼ਾ ਵਿਖਾਉਣ।

 

ਜਥੇਬੰਦੀ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਪ੍ਰੈਸ ਕਾਨਫਰੰਸ ਕਰਦਿਆ ਕਿਹਾ ਕਿ, ਸਿੱਖ ਨੌਜਵਾਨਾਂ ਦੀ ਰਾਏਸ਼ੁਮਾਰੀ-2020 ਦੀ ਆੜ ਹੇਠ ਖੱਜਲ ਖੁਆਰੀ ਕੀਤੀ ਜਾ ਰਹੀ ਹੈ ਜਿਸ ਨੂੰ ਰੋਕਣ ਲ਼ਈ ਇਸ ਸਬੰਧੀ ਅਮਲੀ ਕਦਮ ਚੁੱਕਿਆ ਜਾਵੇ।

 

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਕ ਪੈਨਲ ਦਾ ਗਠਨ ਕੀਤਾ ਜਾਵੇ ਜਿਸ ਵਿਚ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਅਤੇ ਵਕੀਲ ਆਦਿ ਸ਼ਾਮਲ ਕੀਤੇ ਜਾਣ ਜੋ  ਪਿਛਲੇ ਲੰਮੇ ਸਮੇਂ ਤੋ ਕਾਲੇ ਕਾਨੂੰਨਾਂ ਵਿਰੁੱਧ ਲੜਦੇ ਆ ਰਹੇ ਹਨ।

 

ਜਥੇਬੰਦੀ ਦੇ ਬੁਲਾਰੇ ਕੰਵਰਪਾਲ ਸਿੰਘ ਮੁਤਾਬਿਕ,  ਜਥੇਦਾਰ ਹਰਪ੍ਰੀਤ ਸਿੰਘ ਖੁਦ ਸਿੱਖ ਨੌਜਵਾਨਾਂ ਨੂੰ ਸੁਨੇਹਾ ਦੇਣ ਕਿ ਜਿਸ ਨੌਜਵਾਨ ਨੂੰ ਵੀ ਸਰਕਾਰ ਵੱਲੋਂ ਮਾਨਸਿਕ ਜਾਂ ਸਰੀਰਕ ਤੌਰ ‘ਤੇ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ  ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖਤੀ ਸ਼ਿਕਇਤ ਭੇਜਣ।

ਇਸ ਮੌਕੇ ਫ਼ੈਡਰੇਸ਼ਨ ਦੇ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਅੰਗਰੇਜ ਸਿੰਘ ਵੀ ਸ਼ਾਮਲ ਸਨ।