The Khalas Tv Blog Punjab ਹੁਸ਼ਿਆਰਪੁਰ ‘ਚ ਵਿਆਹ ਵਾਲੇ ਘਰ ‘ਤੇ ਹਮਲਾ, ਲਾੜਾ ਤੇ ਪਿਤਾ ਜ਼ਖ਼ਮੀ, ਇਹ ਬਣਿਆ ਮਾਮਲਾ
Punjab

ਹੁਸ਼ਿਆਰਪੁਰ ‘ਚ ਵਿਆਹ ਵਾਲੇ ਘਰ ‘ਤੇ ਹਮਲਾ, ਲਾੜਾ ਤੇ ਪਿਤਾ ਜ਼ਖ਼ਮੀ, ਇਹ ਬਣਿਆ ਮਾਮਲਾ

Attack on marriage house in Hoshiarpur, groom and father injured, neighbors entered the house with sharp weapons

Attack on marriage house in Hoshiarpur, groom and father injured, neighbors entered the house with sharp weapons

ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਕਸਬਾ ਟਾਂਡਾ ਉੜਮੁੜ ‘ਚ ਦੋ ਸਾਲ ਪੁਰਾਣੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ‘ਚ ਗਵਾਹੀ ਦੇਣ ਵਾਲੇ ਪਰਿਵਾਰ ‘ਤੇ ਦਰਜਨ ਤੋਂ ਵੱਧ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਜਿਸ ਘਰ ‘ਚ ਹਮਲਾ ਹੋਇਆ, ਉੱਥੇ 11 ਮਾਰਚ ਨੂੰ ਵਿਆਹ ਸੀ। ਪਹਿਲਾਂ ਘਰ ਦੇ ਬਾਹਰ ਇੱਟਾਂ ਅਤੇ ਪਥਰਾਅ ਕੀਤਾ ਗਿਆ, ਫਿਰ ਘਰ ਦੇ ਅੰਦਰ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਸਾਮਾਨ ਤੋੜ ਦਿੱਤਾ। ਇਸ ਦੌਰਾਨ ਮੁਲਜ਼ਮਾਂ ਨੇ ਘਰ ਵਿੱਚ ਹਵਾ ਵਿੱਚ ਗੋਲੀਆਂ ਵੀ ਚਲਾਈਆਂ।

ਇਸ ਘਟਨਾ ‘ਚ ਲਾੜਾ ਅਤੇ ਉਸ ਦਾ ਪਿਤਾ ਜ਼ਖ਼ਮੀ ਹੋ ਗਏ। ਇਸ ਪੂਰੀ ਘਟਨਾ ਦੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਜਿਸ ‘ਚ ਦੋਸ਼ੀ ਹਮਲਾ ਕਰਦੇ ਨਜ਼ਰ ਆ ਰਹੇ ਹਨ। ਥਾਣਾ ਟਾਂਡਾ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਟਾਂਡਾ ਉੜਮੁੜ ਦੇ ਪਿੰਡ ਰਾਣੀ ਪਿੰਡ ਵਾਸੀ ਜਸਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਲੜਕੇ ਮਨਿੰਦਰ ਸਿੰਘ ਦਾ ਉਸ ਦੇ ਘਰ ਵਿਆਹ ਹੋ ਰਿਹਾ ਸੀ। ਇਸ ਕਾਰਨ ਘਰ ਵਿੱਚ ਕਈ ਮਹਿਮਾਨ ਆਏ ਹੋਏ ਸਨ। ਕੱਲ੍ਹ ਵੀ ਹਰ ਰੋਜ਼ ਵਾਂਗ ਸਾਰਾ ਪਰਿਵਾਰ ਘਰ ਦੇ ਵਿਹੜੇ ਵਿੱਚ ਬੈਠਾ ਸੀ। ਸ਼ਾਮ ਸਾਢੇ ਛੇ ਵਜੇ ਦੇ ਕਰੀਬ ਇੱਕ ਦਰਜਨ ਹਮਲਾਵਰਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ। ਘਟਨਾ ਦੇ ਸਮੇਂ ਪਰਿਵਾਰ ਘਰ ਦੇ ਵਿਹੜੇ ‘ਚ ਬੈਠਾ ਵਿਆਹ ‘ਚ ਮਿਲੇ ਸ਼ਗਨਾਂ ਦੀ ਗਿਣਤੀ ਕਰ ਰਿਹਾ ਸੀ।

ਇਲਜ਼ਾਮ ਹੈ ਕਿ ਮੁਲਜ਼ਮਾਂ ਨੇ ਹਮਲਾ ਕਰਦੇ ਸਮੇਂ ਘਰ ਦੇ ਅੰਦਰ ਹਵਾ ਵਿੱਚ ਫਾਇਰ ਵੀ ਕੀਤੇ। ਇਸ ਘਟਨਾ ‘ਚ ਲਾੜਾ ਅਤੇ ਉਸ ਦਾ ਪਿਤਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਟਾਂਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪਰਿਵਾਰ ਨੇ ਪਿੰਡ ਵਾਸੀ ਸੁਰਜੀਤ ਸਿੰਘ ਤੇ ਉਸ ਦੇ ਪੁੱਤਰਾਂ ਮਨਦੀਪ ਸਿੰਘ, ਦਲਵੀਰ ਸਿੰਘ, ਅਮਰੀਕ ਸਿੰਘ, ਗੁਰਨੇਕ ਸਿੰਘ ਤੇ ਮਨਦੀਪ ਸਿੰਘ ’ਤੇ ਹਮਲੇ ਦੇ ਦੋਸ਼ ਲਾਏ ਹਨ।

ਜਸਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਟਾਂਡਾ ਦੀ ਪੁਲਿਸ ਨੇ ਸੁਰਜੀਤ ਸਿੰਘ, ਮਨਦੀਪ ਸਿੰਘ, ਦਲਵੀਰ ਸਿੰਘ, ਅਮਰੀਕ ਸਿੰਘ, ਗੁਰਨੇਕ ਸਿੰਘ, ਮਨਦੀਪ ਸਿੰਘ, ਮਨਦੀਪ ਦੇ ਸਾਲੇ ਸਮੇਤ 15 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 323, 307 ਆਈ.ਪੀ.ਸੀ. ਆਈਪੀਸੀ, 458, 195-ਏ, 436, 511, 379-ਬੀ, 427, 148-149 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਆਪਣੇ ਗੁਆਂਢੀ ‘ਤੇ ਹੋਏ ਜਾਨਲੇਵਾ ਹਮਲੇ ਸਬੰਧੀ ਅਦਾਲਤ ‘ਚ ਗਵਾਹੀ ਦਿੱਤੀ ਸੀ। ਜਿਸ ਕਾਰਨ ਉਸ ਦੀ ਉਨ੍ਹਾਂ ਨਾਲ ਰੰਜਿਸ਼ ਸੀ।

Exit mobile version