ਬਰਨਾਲਾ ਦੇ ਪਿੰਡ ਜੰਡਸਰ ਵਿਖੇ ਗੁਰੂ ਘਰ ਦੇ ਗ੍ਰੰਥੀ ਬਲਵਿੰਦਰ ਸਿੰਘ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਸਾਰੀ ਘਟਨਾ ਗੁਰਦੁਆਰੇ ’ਚ ਲੱਗੇ CCTV ਕੈਮਰੇ ’ਚ ਕੈਦ ਹੋ ਗਈ। ਜ਼ਿਕਰਯੋਗ ਹੈ ਕਿ 65 ਸਾਲਾ ਗ੍ਰੰਥੀ ਬਲਵਿੰਦਰ ਸਿੰਘ ਪਿਛਲੇ 7 ਮਹੀਨਿਆਂ ਤੋਂ ਜੰਡਸਰ ਗੁਰਦੁਆਰੇ ’ਚ ਗ੍ਰੰਥੀ ਦੀ ਸੇਵਾ ਨਿਭਾ ਰਹੇ ਹਨ ਅਤੇ 2017 ’ਚ ਸਿੱਖਿਆ ਵਿਭਾਗ ’ਚੋਂ ਕਲਰਕ ਦੀ ਨੌਕਰੀ ਤੋਂ ਰਿਟਾਇਰ ਹੋਏ ਸਨ। ਪੀੜਤ ਦੇ ਦੱਸਣ ਮੁਤਾਬਕ, ਪਿਛਲੀ ਸ਼ਾਮ ਉਹ ਗੁਰਦੁਆਰੇ ’ਚੋਂ ਪਾਠ ਕਰ ਕੇ ਵਿਹੜੇ ’ਚ ਆ ਬੈਠੇ ਸਨ, ਜਦ ਇਕ ਨੰਗੇ ਸਿਰ ਨੌਜਵਾਨ ਆਇਆ ਅਤੇ ਉਨ੍ਹਾਂ ਨੂੰ ਗਾਲਾਂ ਕੱਢਣ ਲੱਗ ਪਿਆ।
ਹਮਲਾਵਰ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ, ਦਸਤਾਰ ਵੀ ਲਾਹ ਦਿੱਤੀ ਅਤੇ ਸਿਰ ਦੇ ਕਸਾਂ ਦੀ ਵੀ ਬੇਅਦਬੀ ਕੀਤੀ। ਨੇੜੇ ਖੜ੍ਹੇ ਲੋਕਾਂ ਨੇ ਉਨ੍ਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰ ਬੇਰਹਿਮੀ ਨਾਲ ਕੁੱਟਮਾਰ ਕਰਦਾ ਰਿਹਾ। ਪੀੜਤ ਗ੍ਰੰਥੀ ਨੇ ਦੋਸ਼ ਲਾਇਆ ਕਿ ਪਿੰਡ ਜੰਡਸਰ ਦੇ ਹੀ ਇਕ ਵਿਅਕਤੀ ਵੱਲੋਂ ਉਨ੍ਹਾਂ ’ਤੇ ਹਮਲਾ ਕਰਵਾਇਆ ਗਿਆ।
ਉਨ੍ਹਾਂ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਅਤੇ ਕਥਿਤ ਮੁਲਜ਼ਮ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਗ੍ਰੰਥੀ ਦੇ ਹੱਕ ’ਚ ਮੋੜ-ਨਾਭਾ ਦੀਆਂ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਆ ਗਈਆਂ ਹਨ।
ਇਸ ਮਾਮਲੇ ਸਬੰਧੀ ਪੀੜਿਤ ਧਿਰ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਤਰਨਾ ਦਲ ਦੇ ਮੁਖੀ ਬਾਬਾ ਰਾਜਾ ਰਾਮ ਸਿੰਘ ਨੂੰ ਵੀ ਲਿਖਤੀ ਰੂਪ ’ਚ ਪੱਤਰ ਲਿਖ ਕੇ ਇਨਸਾਫ ਦੀ ਮੰਗ ਕੀਤੀ ਗਈ ਹੈ। ਪਿੰਡ ਵਾਸੀਆਂ ਨੇ ਇਨਸਾਫ ਨਾ ਮਿਲਣ ਦੀ ਸੂਰਤ ’ਚ ਵੱਡੇ ਪੱਧਰ ’ਤੇ ਸੰਘਰਸ਼ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ।
ਸੰਬੰਧਿਤ SHO ਗੁਰਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਂਚ ਜਾਰੀ ਹੈ ਅਤੇ ਪੀੜਤ ਦੇ ਬਿਆਨਾਂ ’ਤੇ ਆਧਾਰਿਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ’ਚ ਪੈਸਿਆਂ ਦੀ ਲੈਣ-ਦੇਣ ਦੀ ਗੱਲ ਵੀ ਆ ਰਹੀ ਹੈ, ਜਿਸ ’ਤੇ ਵੀ ਜਾਂਚ ਹੋ ਰਹੀ ਹੈ। ਦੂਜੀ ਧਿਰ ਨੇ ਮੀਡੀਆ ਸਾਹਮਣੇ ਕੋਈ ਵੀ ਬਿਆਨ ਨਹੀਂ ਦਿੱਤਾ।