ਬਿਊਰੋ ਰਿਪੋਰਟ (10 ਮਈ, 2026): ਬ੍ਰਿਟਿਸ਼ ਮੈਰੀਟਾਈਮ ਟ੍ਰੇਡ ਆਪਰੇਸ਼ਨਜ਼ (UKMTO) ਅਨੁਸਾਰ, ਐਤਵਾਰ ਨੂੰ ਦੋਹਾ ਤੋਂ 23 ਨੌਟੀਕਲ ਮੀਲ ਉੱਤਰ-ਪੂਰਬ ਵਿੱਚ ਇੱਕ ਮਾਲਵਾਹਕ ਜਹਾਜ਼ (Bulk Carrier) ਨਾਲ ਇੱਕ ਅਣਪਛਾਤੀ ਚੀਜ਼ (Projectile) ਟਕਰਾਈ, ਜਿਸ ਕਾਰਨ ਜਹਾਜ਼ ਨੂੰ ਅੱਗ ਲੱਗ ਗਈ। ਹਾਲਾਂਕਿ ਜਹਾਜ਼ ਦੇ ਕਪਤਾਨ ਨੇ ਪੁਸ਼ਟੀ ਕੀਤੀ ਹੈ ਕਿ ਅੱਗ ’ਤੇ ਜਲਦੀ ਕਾਬੂ ਪਾ ਲਿਆ ਗਿਆ ਅਤੇ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਇਰਾਨ ਅਤੇ ਅਮਰੀਕਾ ਦਰਮਿਆਨ 8 ਅਪ੍ਰੈਲ ਤੋਂ ਚੱਲ ਰਹੀ ਜੰਗਬੰਦੀ (Ceasefire) ਦੇ ਬਾਵਜੂਦ ਹੋਰਮੁਜ਼ ਸਟ੍ਰੇਟ ਨੇੜੇ ਗੋਲ਼ੀਬਾਰੀ ਦੀਆਂ ਖ਼ਬਰਾਂ ਆ ਰਹੀਆਂ ਹਨ। 28 ਫਰਵਰੀ ਤੋਂ ਸ਼ੁਰੂ ਹੋਈ ਇਸ ਜੰਗ ਕਾਰਨ ਦੁਨੀਆ ਦੇ ਸਭ ਤੋਂ ਅਹਿਮ ਸਮੁੰਦਰੀ ਰਸਤੇ ’ਤੇ ਖ਼ਤਰਾ ਮੰਡਰਾ ਰਿਹਾ ਹੈ। ਇਰਾਨ ਨੇ ਇਸ ਰਸਤੇ ’ਤੇ ਆਪਣਾ ਕੰਟਰੋਲ ਰੱਖਿਆ ਹੋਇਆ ਹੈ, ਜਦਕਿ ਅਮਰੀਕੀ ਨੇਵੀ ਨੇ ਨਾਕਾਬੰਦੀ ਕੀਤੀ ਹੋਈ ਹੈ।
ਦੂਜੇ ਪਾਸੇ, ਇਰਾਨ ਦੇ ਖ਼ਰਗ ਟਾਪੂ (Kharg Island) ਨੇੜੇ ਸਮੁੰਦਰ ਵਿੱਚ ਵੱਡੇ ਪੱਧਰ ’ਤੇ ਤੇਲ ਰਿਸਾਅ (Oil Spill) ਦੇਖਿਆ ਗਿਆ ਹੈ। ਸੈਟੇਲਾਈਟ ਤਸਵੀਰਾਂ ਮੁਤਾਬਕ ਲਗਭਗ 20 ਵਰਗ ਮੀਲ ਇਲਾਕੇ ਵਿੱਚ ਤੇਲ ਫੈਲ ਚੁੱਕਾ ਹੈ। ਮਾਹਿਰਾਂ ਦਾ ਅੰਦਾਜ਼ਾ ਹੈ ਕਿ ਲਗਭਗ 3,000 ਬੈਰਲ ਤੇਲ ਸਮੁੰਦਰ ਵਿੱਚ ਵਹਿ ਗਿਆ ਹੈ, ਜੋ ਵਾਤਾਵਰਣ ਲਈ ਬਹੁਤ ਘਾਤਕ ਸਾਬਤ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਇਰਾਨ ਦਾ 90 ਫੀਸਦੀ ਤੇਲ ਨਿਰਯਾਤ ਇਸੇ ਟਾਪੂ ਤੋਂ ਹੁੰਦਾ ਹੈ।

