ਈਰਾਨ : ਇਜ਼ਰਾਇਲੀ ਹਮਲੇ ਤੋਂ ਬਾਅਦ ਈਰਾਨ ਨੂੰ ਇੱਕ ਹੋਰ ਹਮਲੇ ਦਾ ਸਾਹਮਣਾ ਕਰਨਾ ਪਿਆ ਹੈ। ਦਰਅਸਲ ਈਰਾਨ ਦੇ ਤਫਤਾਨ ‘ਚ ਕੱਟੜਪੰਥੀ ਸਮੂਹ ਜੈਸ਼-ਅਲ-ਅਦਲ ਦੇ ਹਮਲੇ ‘ਚ 10 ਈਰਾਨੀ ਸੁਰੱਖਿਆ ਕਰਮਚਾਰੀ ਮਾਰੇ ਗਏ ਹਨ।
ਤਫਤਾਨ ਇਲਾਕਾ ਪਾਕਿਸਤਾਨ ਦੀ ਸਰਹੱਦ ਦੇ ਨੇੜੇ
ਈਰਾਨ ਦੇ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਸਿਸਤਾਨ ਅਤੇ ਬਲੋਚਿਸਤਾਨ ਦੀ ਈਰਾਨੀ ਸਰਹੱਦ ‘ਤੇ ਸਥਿਤ ਸ਼ਹਿਰ ਤਫਤਾਨ ਦੇ ਗੋਹਰਕੋਹ ਇਲਾਕੇ ‘ਚ ਹਥਿਆਰਬੰਦ ਹਮਲਾਵਰਾਂ ਨੇ ਪੁਲਿਸ ਦੀ ਗਸ਼ਤੀ ਇਕਾਈ ‘ਤੇ ਹਮਲਾ ਕੀਤਾ।
ਈਰਾਨ ਦੇ ਗ੍ਰਹਿ ਮੰਤਰੀ ਇਸਕੰਦਰ ਮੋਮਾਨੀ ਨੇ ਇਸ ਘਟਨਾ ਨੂੰ ‘ਅੱਤਵਾਦੀ’ ਹਮਲਾ ਕਰਾਰ ਦਿੱਤਾ ਹੈ ਅਤੇ ਤੁਰੰਤ ਜਾਂਚ ਦੇ ਹੁਕਮ ਦਿੱਤੇ ਹਨ। ਸਿਸਤਾਨ ਅਤੇ ਬਲੋਚਿਸਤਾਨ ਦੇ ਪੁਲਿਸ ਸੂਚਨਾ ਕੇਂਦਰ ਨੇ ਵੀ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਇਸਦੀ ਪੁਸ਼ਟੀ ਕਰਦੇ ਹੋਏ ਕਿਹਾ, “ਤਫ਼ਤਾਨ ਸ਼ਹਿਰ ਦੇ ਗੋਹਰ ਕੋਹ ਪੁਲਿਸ ਸਟੇਸ਼ਨ ਦੇ ਦੋ ਗਸ਼ਤੀ ਯੂਨਿਟਾਂ ਦੇ 10 ਪੁਲਿਸ ਕਰਮਚਾਰੀ ਮਾਰੇ ਗਏ ਹਨ।”
ਜਿਸ ਸਮੇਂ ਇਹ ਹਮਲਾ ਹੋਇਆ ਉਸ ਸਮੇਂ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਪੂਰੀ ਕਰਕੇ ਆਪਣੇ ਘਰ ਪਰਤ ਰਹੇ ਸਨ। ਜੈਸ਼-ਅਲ-ਅਦਲ ਨੇ ਆਪਣੇ ਟੈਲੀਗ੍ਰਾਮ ਚੈਨਲ ‘ਤੇ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ, “ਤਫਤਾਨ ਸ਼ਹਿਰ ਦੇ ਗੋਹਰਕੋਹ ਵਿੱਚ ਫਰਜ਼ਾ ਜਾਬਰ ਬਲਾਂ ਦੀ ਇੱਕ ਗਸ਼ਤੀ ਯੂਨਿਟ ਨੂੰ ਨਿਸ਼ਾਨਾ ਬਣਾਇਆ ਗਿਆ ਸੀ।”
ਜੈਸ਼-ਅਲ-ਅਦਲ ਇੱਕ ਹਥਿਆਰਬੰਦ ਕੱਟੜਪੰਥੀ ਸੰਗਠਨ ਹੈ। ਇਹ ਸੰਗਠਨ ਈਰਾਨ ਸਰਕਾਰ ਦਾ ਵਿਰੋਧ ਕਰਦਾ ਹੈ। ਇਹ ਸੰਸਥਾ ਆਪਣੇ ਆਪ ਨੂੰ ਨਿਆਂ ਅਤੇ ਸਮਾਨਤਾ ਦੀ ਫੌਜ ਵੀ ਆਖਦੀ ਹੈ।