‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਅੱਜ ਉੱਤਰ ਪ੍ਰਦੇਸ਼ ਦੇ ਮੁਜੱਫਰਨਗਰ ਵਿੱਚ ਕਿਸਾਨ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ। ਦੇਸ਼ ਭਰ ਵਿੱਚੋਂ ਅੱਜ ਕਿਸਾਨ ਇਸ ਦੇਸ਼ ਪੱਧਰੀ ਅੰਦੋਲਨ ਵਿੱਚ ਵਹੀਰਾ ਘੱਤ ਕੇ ਪਹੁੰਚੇ ਹੋਏ ਹਨ। ਕਿਸਾਨਾਂ ਦੇ ਲਈ 500 ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ 100 ਮੈਡੀਕਲ ਕੈਂਪ ਲਗਾਏ ਗਏ ਹਨ। ਕਿਸਾਨਾਂ ਦੇ ਇੰਨੇ ਵੱਡੇ ਪ੍ਰਬੰਧ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਇਹ ਮਹਾਂ ਪੰਚਾਇਤ ਹੁਣ ਤੱਕ ਦੀ ਸਭ ਤੋਂ ਵੱਡੀ ਅਤੇ ਇਤਿਹਾਸਕ ਰੈਲੀ ਹੋਣ ਜਾ ਰਹੀ ਹੈ। ਇਸ ਮੌਕੇ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਸੰਬੋਧਨ ਕਰਦਿਆਂ ਮੋਦੀ ਸਰਕਾਰ ‘ਤੇ ਦੇਸ਼ ਦਾ ਸਾਰਾ ਕੁੱਝ ਵੇਚ ਦੇਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਸਾਰਾ ਕੁੱਝ ਵੇਚਣ ਤੋਂ ਬਾਅਦ ਮੋਦੀ ਦੀ ਅੱਖ ਹੁਣ ਖੇਤੀ ਉੱਤੇ ਹੈ। ਉਨ੍ਹਾਂ ਨੇ ਦੇਸ਼ ਦੇ ਸਾਰੇ ਸੂਬਿਆਂ ਵਿੱਚ ਕਿਸਾਨੀ ਅੰਦੋਲਨ ਦੀ ਸਫ਼ਲਤਾ ਦੱਸਦਿਆਂ ਕਿਹਾ ਕਿ ਕਿਸਾਨ ਮੋਰਚੇ ਦੇ ਨਾਲ ਮੋਦੀ ਸਰਕਾਰ ਦੀਆਂ ਜੜ੍ਹਾਂ ਹਿੱਲ ਰਹੀਆਂ ਹਨ। ਰਾਜੇਵਾਲ ਨੇ ਆਪਣੀ ਬੰਗਾਲ ਫੇਰੀ ਬਾਰੇ ਦੱਸਦਿਆਂ ਕਿਹਾ ਕਿ ਕਿਸਾਨ ਲੀਡਰਾਂ ਵੱਲੋਂ ਬੰਗਾਲ ਵਿੱਚ ਇਨ੍ਹਾਂ ਦੀਆਂ ਵੋਟਾਂ ਉੱਤੇ ਚੋਟ ਕੀਤੀ ਗਈ ਤਾਂ ਉੱਥੋਂ ਦੇ ਲੋਕਾਂ ਨੇ ਮੋਦੀ ਤੇ ਯੋਗੀ ਨੂੰ ਮਾਂਜ ਕੇ ਰੱਖ ਦਿੱਤਾ।
ਰਾਜੇਵਾਲ ਨੇ ਦੋਸ਼ ਲਾਇਆ ਕਿ ਕਿਸਾਨਾਂ ਨੂੰ ਕਦੇ ਖਾਲਿਸਤਾਨੀ, ਕਦੇ ਅੰਦੋਲਨਜੀਵੀ ਕਿਹਾ ਗਿਆ। ਅੰਨਦਾਤੇ ਨੂੰ ਗਾਲਾਂ ਕੱਢੀਆਂ ਗਈਆਂ। ਉਨ੍ਹਾਂ ਨੇ ਇਹ ਗਾਲਾਂ ਕਿਸਾਨਾਂ ਵੱਲੋਂ ਕਦੇ ਨਾ ਭੁੱਲਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਸਾਢੇ ਨੌ ਮਹੀਨਿਆਂ ਤੋਂ ਦੇਸ਼ ਦੇ ਬਾਰਡਰਾਂ ਉੱਤੇ ਬੈਠਾ ਹੈ, ਸਾਰੇ ਦੇਸ਼ ਦਾ ਕਿਸਾਨ ਸੜਕਾਂ ਉੱਤੇ ਹੈ। ਇਹ ਅੰਦੋਲਨ ਮੋਦੀ ਸਰਕਾਰ ਨੂੰ ਸਿਗਨਲ ਹੈ ਕਿ ਰਾਹ ‘ਤੇ ਆ ਜਾਓ, ਨਹੀਂ ਤਾਂ ਮਿਟਾ ਦਿੱਤੇ ਜਾਓਗੇ। ਉਨ੍ਹਾਂ ਨੇ 27 ਸਤੰਬਰ ਨੂੰ ਦੇਸ਼ ਬੰਦ ਕਰਨ ਦਾ ਐਲਾਨ ਵੀ ਕੀਤਾ ਹੈ। ਰਾਜੇਵਾਲ ਨੇ ਇਸ ਅੰਦੋਲਨ ਨੂੰ ਸਾਰੇ ਦੇਸ਼ ਦਾ ਅੰਦੋਲਨ ਦੱਸਦਿਆਂ ਲੋਕਾਂ ਦਾ ਭਵਿੱਖ ਕਰਾਰ ਦਿੱਤਾ ਹੈ।
ਉਨ੍ਹਾਂ ਨੇ ਕਾਰੋਬਾਰੀਆਂ ਨੂੰ ਵੀ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਭੁਲੇਖੇ ਵਿਚ ਨਾ ਰਹਿਣ, ਜੇ ਸਾਥ ਨਹੀਂ ਦਿਓਗੇ ਤਾਂ ਕੋਈ ਵੀ ਨਹੀਂ ਬਚੇਗਾ। ਦੇਸ਼ ਨੂੰ ਬਚਾਉਣ ਲਈ ਹੀ ਇਹ ਦੇਸ਼ ਦਾ ਅੰਦੋਲਨ ਬਣਿਆ ਹੈ। ਰਾਜੇਵਾਲ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਇਸ ਗਰਾਊਂਡ ਵਿੱਚ ਜਿਸ ਸਰਕਾਰ ਖਿਲਾਫ ਵੀ ਰੈਲੀ ਹੋਈ ਹੈ, ਉਹ ਸਰਕਾਰ ਚਲੀ ਜਾਂਦੀ ਹੈ। ਉਨ੍ਹਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਅਗਲੀ ਵਾਰ ਮੋਦੀ ਸਰਕਾਰ ਸੱਤਾ ਵਿੱਚ ਆਉਣ ਬਾਰੇ ਸੋਚਣਾ ਛੱਡ ਦੇਵੇ।