‘ਦ ਖ਼ਾਲਸ ਬਿਊਰੋ : ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ਹਰਿਆਣਾ ਦੇ ਚਾਰ ਵਾਰ ਮੁੱਖ ਮੰਤਰੀ ਰਹੇ ਓਮ ਪ੍ਰਕਾਸ਼ ਚੌਟਾਲਾ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਹੈ ਤੇ ਨਾਲ ਹੀ ਹੁਕਮ ਦਿਤੇ ਹਨ ਕਿ ਇਸ ਦੇ ਨਾਲ ਨਾਲ 50 ਲੱਖ ਦਾ ਜੁਰਮਾਨਾ ਵੀ ਉਹਨਾਂ ਨੂੰ ਭਰਨਾ ਪਵੇਗਾ।ਉਹਨਾਂ ਤੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਇਲਜ਼ਾਮ ਸਨ ।ਇਸ ਮਾਮਲੇ ਵਿੱਚ ਅਦਾਲਤ ਵਿੱਚ ਹੋਈ ਸੁਣਵਾਈ ਦੇ ਦੋਰਾਨ ਚੌਟਾਲਾ ਦੇ ਵਕੀਲ ਨੇ ਉਹਨਾਂ ਦੀ ਉਮਰ ਤੇ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਸਜ਼ਾ ਵਿੱਚ ਨਰਮੀ ਵਰਤਣ ਦੀ ਬੇਨਤੀ ਕੀਤੀ ਸੀ ,ਕਿਉਂਕਿ ਉਹਨਾਂ ਦੀ ਉਮਰ 80 ਸਾਲ ਹੋ ਚੁੱਕੀ ਹੈ ਤੇ ਉਹਨਾਂ ਦਾ 90 ਫ਼ੀਸਦੀ ਸ਼ਰੀਰ ਅਪਾਹਿਜ ਹੋ ਚੁੱਕਾ ਹੈ ਪਰ ਅਦਾਲਤ ਨੇ ਕੋਈ ਵੀ ਰਿਆਇਤ ਨਹੀਂ ਕੀਤੀ ਤੇ 4 ਸਾਲ ਦੀ ਸਜ਼ਾ ਦੇ ਨਾਲ-ਨਾਲ 50 ਲੱਖ ਰੁਪਏ ਜ਼ੁਰਮਾਨਾ ਵੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਅਦਾਲਤ ਨੇ ਹਰਿਆਣਾ ਸੂਬੇ ਦੇ ਪੰਚਕੁਲਾ,ਗੁਰੂਗ੍ਰਾਮ ,ਅਸੋਲਾ ਤੇ ਹੈਲੀਰੋਡ ਵਿੱਚ ਓਮ ਪ੍ਰਕਾਸ਼ ਚੌਟਾਲਾ ਦੀਆਂ ਜੋ ਜਾਇਦਾਦਾਂ ਹਨ,ਉਹਨਾਂ ਨੂੰ ਸੀਲ ਕਰਨ ਦੇ ਹੁਕਮ ਵੀ ਦਿੱਤੇ ਹਨ।
ਤੁਹਾਨੂੰ ਦੱਸ ਦਈਏ ਕਿ ਓਮ ਪ੍ਰਕਾਸ ਚੌਟਾਲਾ ਦੇ ਖਿਲਾਫ਼ ਦੋ ਮਾਮਲੇ ਚੱਲ ਰਹੇ ਸੀ,ਇਸ ਤੋਂ ਪਹਿਲਾਂ ਜੇਬੀਟੀ ਮਾਮਲੇ ਵਿੱਚ ਵੀ ਅਦਾਲਤ ਨੇ ਓਮ ਪ੍ਰਕਾਸ਼ ਚੌਟਾਲਾ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਸੀ ਤੇ ਉਹ ਸਜ਼ਾ ਚੌਟਾਲਾ ਭੁਗਤ ਚੁੱਕੇ ਹਨ ਤੇ ਦੂਸਰੇ ਮਾਮਲੇ ਵਿੱਚ ਸੀਬੀਆਈ ਨੇ 26 ਮਾਰਚ, 2010 ਨੂੰ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਚੌਟਾਲਾ ਦੀ 6.09 ਕਰੋੜ ਰੁਪਏ ਦੀ ਜਾਇਦਾਦ 1993 ਤੋਂ 2006 ਦਰਮਿਆਨ ਆਮਦਨ ਦੇ ਜਾਇਜ਼ ਸਰੋਤਾਂ ਤੋਂ ਕਿਤੇ ਵੱਧ ਸੀ ਤੇ ਇਸੇ ਕੇਸ ਵਿੱਚ ਅਦਾਲਤ ਨੇ ਅੱਜ ਆਪਣਾ ਫ਼ੈਸਲਾ ਸੁਣਾਇਆ ਹੈ।
ਦਿੱਲੀ ਅਦਾਲਤ ਨੇ ਸਾਬਕਾ ਮੁੱਖ ਮੰਤਰੀ ਓਮ ਪ੍ਰਕੀਸ਼ ਚੌਟਾਲਾ ਪ੍ਰਤੀ ਸਖਤੀ ਦਿਖਾਉਂਦੇ ਹੋਏ ਉਹਨਾਂ ਨੂੰ ਅਦਾਲਤ ‘ਚੋਂ ਹੀ ਹਿਰਾਸਤ ਵਿੱਚ ਲੈਣ ਦੇ ਹੁਕਮ ਦਿੱਤੇ ਹਨ।ਇਸ ਮੌਕੇ ਚੌਟਾਲਾ ਦੇ ਵਕੀਲ ਨੇ ਅਦਾਲਤ ਤੋਂ ਸਾਬਕਾ ਮੁੱਖ ਮੰਤਰੀ ਦੇ ਲੋੜੀਂਦੇ ਟੈਸਟ ਕਰਾਉਣ ਲਈ ਕੁਝ ਦਿਨਾਂ ਦੀ ਮੋਹਲਤ ਮੰਗੀ ਪਰ ਅਦਾਲਤ ਨੇ ਮੰਗ ਇਹ ਕਹਿ ਕੇ ਠੁਕਰਾ ਦਿੱਤੀ ਕਿ ਟੈਸਟ ਜੇਲ ਵਿੱਚ ਵੀ ਹੋ ਸਕਦੇ ਨੇ ਤੇ ਜੇਕਰ ਉਹਨਾਂ ਨੂੰ ਕੋਈ ਰਾਹਤ ਚਾਹਿਦੀ ਹੈ ਤਾਂ ਉਹ ਹਾਈ ਕੋਰਟ ਦਾ ਰੁਖ ਕਰ ਸਕਦੇ ਹਨ।