ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ
‘ਦ ਖ਼ਾਲਸ ਬਿਊਰੋ :- ਪੰਜ ਰਾਜਾਂ ਦੀਆਂ ਚੋਣਾਂ ਖ਼ਤਮ ਹੋ ਗਈਆਂ ਹਨ। ਨਤੀਜੇ 10 ਮਾਰਚ ਨੂੰ ਆਉਣਗੇ ਪਰ ਐਗਜ਼ਿਟ ਪੋਲ ਨੇ ਪੰਜਾਬ ਦੀ ਸਿਆਸਤ ਦੇ ਸਿਆਸੀ ਥੰਮਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਮੀਦਵਾਰਾਂ ਦੀਆਂ ਧੜਕਣਾਂ ਵੱਧ ਗਈਆਂ ਹਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਦੂਜੇ ਰਾਜਾਂ ਵਿੱਚ ਭਾਜਪਾ ਦੀ ਸਰਕਾਰ ਬਣਨ ਦੇ ਸੰਕੇਤ ਸਾਹਮਣੇ ਆਏ ਹਨ। ਪੰਜਾਬ ਬਾਰੇ ਕਿਸੇ ਵੀ ਸਰਵੇਖਣ ਵਿੱਚ ਆਪ ਨੂੰ 56 ਤੋਂ ਘੱਟ ਸੀਟਾਂ ਨਹੀਂ ਦਿੱਤੀਆਂ ਗਈਆਂ। ਇੱਕ ਅੱਧ ਵਿੱਚ ਤਾਂ 100 ਸੀਟਾਂ ਉੱਤੇ ਵੀ ਜੇਤੂ ਦਿਖਾਇਆ ਗਿਆ ਹੈ। ਯੂਪੀ ਵਿੱਚ ਸੱਤ ਮਾਰਚ ਨੂੰ ਆਖਰੀ ਗੇੜ ਦੀਆਂ ਵੋਟਾਂ ਪੈਣ ਤੋਂ ਬਾਅਦ ਜਦੋਂ ਟੀਵੀ ਚੈਨਲਾਂ ਉੱਤੇ ਐਗਜ਼ਿਟ ਪੋਲ ਦਿਸੇ ਤਾਂ ਕਈਆਂ ਦੇ ਘਰਾਂ ਦੇ ਬਨੇਰਿਆਂ ਉੱਤੇ ਘਿਉ ਦੇ ਦੀਵੇ ਬਲੇ, ਦੂਜਿਆਂ ਦੀਆਂ ਬੱਤੀਆਂ ਵੀ ਬੁੱਝ ਗਈਆਂ। ਉਂਝ, ਸਿਆਸੀ ਪਾਰਟੀਆਂ ਕੋਲ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਸਰਵੇਖਣ ਉਲਟੇ ਪੈਣ ਦੀਆਂ ਯਾਦਾਂ ਹਾਲ ਦੀ ਘੜੀ ਢਾਰਸ ਬਣ ਰਹੀਆਂ ਹਨ। ਪੰਜਾਬ ਵਿੱਚ ਬਦਲ ਲਈ ਵੋਟ ਪਾਉਣ ਵਾਲੇ ਖੁਸ਼ ਦਿਸ ਰਹੇ ਹਨ। ਜਦਕਿ ਰਵਾਇਤੀ ਪਾਰਟੀਆਂ ਨੇ ਚੁੱਪ ਸਾਧ ਲਈ ਹੈ।
ਦਸ ਮਾਰਚ ਨੂੰ ਨਤੀਜੇ ਸਾਹਮਣੇ ਆਉਣ ਨਾਲ ਅਸਲ ਤਸਵੀਰ ਤੋਂ ਪਰਦਾ ਉੱਠੇਗਾ ਪਰ ਐਗਜ਼ਿਟ ਪੋਲ ਅਨੁਸਾਰ ਲੋਕਾਂ ਨੇ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਨੂੰ ਵਿਦਾਇਗੀ ਦੇ ਦਿੱਤੀ ਹੈ। ਐਗਜ਼ਿਟ ਪੋਲ ਸਹੀ ਸਿੱਧੂ ਹੁੰਦੇ ਹਨ ਤਾਂ ਸ਼੍ਰੋਮਣੀ ਅਕਾਲੀ ਦਲ 10 ਸਾਲਾਂ ਲਈ ਅਤੇ ਕਾਂਗਰਸ ਪੰਜ ਸਾਲਾਂ ਲਈ ਤਾਂ ਸੱਤਾ ਤੋਂ ਲਾਂਭੇ ਹੋ ਹੀ ਜਾਵੇਗੀ। ਐਗਜ਼ਿਟ ਪੋਲ ਤੋਂ ਬਾਅਦ ਸਭ ਤੋਂ ਵੱਡਾ ਧੁੜਕੂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ, ਸੁਖਬੀਰ ਸਿੰਘ ਬਾਦਲ ਅਤੇ ਨਵਜੋਤ ਸਿੰਘ ਸਿੱਧੂ ਨੂੰ ਲੱਗਾ ਹੋਇਆ ਹੈ। ਹੋਰ ਨੇਤਾ ਜਿਨ੍ਹਾਂ ਨੂੰ ਚੋਣ ਸਰਵੇਖਣ ਨੇ ਕੰਬਣੀ ਛੇੜ ਦਿੱਤੀ ਹੈ, ਉਨ੍ਹਾਂ ਵਿੱਚ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਅਸ਼ਵਨੀ ਸ਼ਰਮਾ, ਬਿਕਰਮ ਸਿੰਘ ਮਜੀਠੀਆ, ਮਨਪ੍ਰੀਤ ਸਿੰਘ ਬਾਦਲ, ਰਾਜਾ ਵੜਿੰਗ ਅਤੇ ਪਰਮਿੰਦਰ ਸਿੰਘ ਢੀਂਡਸਾ ਦੇ ਨਾਂ ਦੱਸੇ ਜਾ ਰਹੇ ਹਨ।
ਇੱਕ ਸਾਲ ਤੋਂ ਵੱਧ ਸਮੇਂ ਲਈ ਚੱਲੇ ਕਿਸਾਨ ਅੰਦੋਲਨ ਦੇ ਅਸਰ ਅਤੇ ਪੱਛਮੀ ਬੰਗਾਲ ਸਮੇਤ ਪੰਜ ਰਾਜਾਂ ਦੀਆਂ ਚੋਣ ਨਤੀਜਿਆਂ ਕਾਰਨ ਉੱਤਰ ਪ੍ਰਦੇਸ਼ ਦੀਆਂ ਚੋਣਾਂ ਉੱਤੇ ਸਭ ਦੀਆਂ ਅੱਖਾਂ ਲੱਗੀਆਂ ਹੋਈਆਂ ਹਨ। ਉਂਝ ਵੀ ਦਿੱਲੀ ਦੀ ਸੱਤਾ ਨੂੰ ਰਾਹ ਯੂਪੀ ਵਿੱਚੋਂ ਦੀ ਹੋ ਕੇ ਜਾਂਦਾ ਹੈ। ਐਗਜ਼ਿਟ ਪੋਲ ਮੁਤਾਬਕ ਭਾਜਪਾ ਚਾਹੇ ਯੂਪੀ ਵਿੱਚ ਪਹਿਲਾਂ ਜਿੰਨੀਆਂ ਸੀਟਾਂ ਪ੍ਰਾਪਤ ਨਹੀਂ ਕਰ ਰਹੀ ਪਰ ਜੇ ਪੋਲ ਸਰਵੇ ਸੱਚ ਨਿਕਲੇ ਤਾਂ ਭਾਜਪਾ ਦੂਜੀ ਵਾਰ ਯੂਪੀ ਵਿੱਚ ਸਰਕਾਰ ਬਣਾ ਸਕਦੀ ਹੈ। ਸਮਾਜਵਾਦੀ ਪਾਰਟੀ ਨੂੰ ਦੂਜੇ ਥਾਂ ਉੱਤੇ ਰੱਖਿਆ ਗਿਆ ਹੈ। ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਖਾਤਾ ਖੁੱਲ੍ਹਦਾ ਦਿਖਾਇਆ ਗਿਆ ਹੈ। ਉਂਝ, ਹਾਲੇ ਦੋ ਦਿਨ ਪਹਿਲਾਂ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਯੂਪੀ ਵਿੱਚ ਸਮਾਜਵਾਦੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਹਮਾਇਤ ਦੇਣ ਦਾ ਇਸ਼ਾਰਾ ਕਰ ਦਿੱਤਾ ਸੀ। ਉੱਤਰਾਖੰਡ ਵਿੱਚ ਭਾਜਪਾ ਅਤੇ ਕਾਂਗਰਸ ਦਰਮਿਆਨ ਤਕੜੀ ਟੱਕਰ ਦੱਸੀ ਜਾ ਰਹੀ ਹੈ ਪਰ ਜ਼ਿਆਦਾਤਾਰ ਐਗਜ਼ਿਟ ਪੋਲ ਭਾਜਪਾ ਦਾ ਹੱਥ ਉੱਪਰ ਦਿਖਾ ਰਹੇ ਹਨ। ਗੋਆ ਬਾਰੇ ਐਗਜ਼ਿਟ ਪੋਲ ਵਿੱਚ ਸਥਿਤੀ ਸਪੱਸ਼ਟ ਨਹੀਂ ਪਰ ਉੱਥੇ ਵੀ ਭਾਜਪਾ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ।
ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਭਾਈਵਾਲ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਪੰਜਾਬ ਲੋਕ ਕਾਂਗਰਸ ਦੀ ਇਨ੍ਹਾਂ ਚੋਣਾਂ ਵਿੱਚ ਕੋਈ ਵੱਡੀ ਪ੍ਰਾਪਤੀ ਨਹੀਂ ਦਿਖਾਈ ਗਈ। ਇੱਕ ਐਗਜ਼ਿਟ ਪੋਲ ਨੂੰ ਛੱਡ ਕੇ ਬਾਕੀ ਸਾਰੇ ਭਾਜਪਾ ਗਠਜੋੜ ਨੂੰ ਇੱਕ ਤੋਂ ਸੱਤ ਸੀਟਾਂ ਦਿਖਾ ਰਹੇ ਹਨ। ਸਾਡੇ ਸੂਤਰ ਤਾਂ ਇਹ ਵੀ ਦਾਅਵਾ ਕਰਦੇ ਹਨ ਕਿ ਪੰਜਾਬ ਦੇ ਭਾਜਪਾਈ ਅਕਾਲੀ ਦਲ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਉੱਤੇ ਵੀ ਵਰ੍ਹਨੇ ਸ਼ੁਰੂ ਹੋ ਗਏ ਹਨ। ਪੰਜਾਬ ਭਾਜਪਾ ਦੀ ਚੋਣ ਮੰਥਨ ਮੀਟਿੰਗ ਵਿੱਚ ਭਾਜਪਾਈਆਂ ਨੇ ਦੱਬਵੀਂ ਜ਼ੁਬਾਨੇ ਕੈਪਟਨ ਅਮਰਿੰਦਰ ਸਿੰਘ ਨੂੰ ਬਿਨਾਂ ਵਜ੍ਹਾ ਮਹੱਤਤਾ ਦੇਣ ਦਾ ਦੱਬਵੀਂ ਜ਼ੁਬਾਨੇ ਵਿਰੋਧ ਕੀਤਾ ਸੀ। ਐਗਜ਼ਿਟ ਪੋਲਾਂ ਮੁਤਾਬਕ ਚੱਲੀਏ ਤਾਂ ਪੰਜਾਬ ਵਿੱਚ ਰਵਾਇਤੀ ਪਾਰਟੀਆਂ ਨੂੰ ਹਰ ਹੀਲੇ ਲਾਂਭੇ ਕਰਨ ਅਤੇ ਬਦਲਾਅ ਦੀ ਚਾਹਤ ਨੇ ਵੱਡੀ ਭੂਮਿਕਾ ਨਿਭਾਈ ਹੈ। ਕਾਂਗਰਸ ਦਾ ਕੈਪਟਨ ਅਮਰਿੰਦਰ ਸਿੰਘ ਨੂੰ ਸੱਤਾ ਤੋਂ ਲਾਂਭੇ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਅਤੇ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਮਾਡਲ ਬਦਲਾਅ ਵਾਲਿਆਂ ਦੀ ਚਾਹਤ ਨਹੀਂ ਬਣ ਸਕਿਆ। ਘਰ ਘਰ ਚੱਲੀ ਇੱਕੋ ਗੱਲ, ਚੰਨੀ ਕਰਦਾ ਮਸਲੇ ਹੱਲ ਦਾ ਪ੍ਰਕਾਸ਼ ਵੀ ਮੁੱਖ ਮੰਤਰੀ ਦੇ ਰਿਸ਼ਤੇਦਾਰ ਦੇ ਘਰੋਂ 10 ਕਰੋੜ ਨਕਦੀ ਫੜਨ ਤੋਂ ਬਾਅਦ ਮੱਠਾ ਪੈ ਗਿਆ। ਅਕਾਲੀ ਦਲ ਨੇ ਲੰਬਾ ਸਮਾਂ ਪਹਿਲਾਂ ਚੋਣ ਛੇੜ ਲਈ ਸੀ ਪਰ ਲੋਕਾਂ ਨਾਲ ਨੇੜਤਾ ਨਹੀਂ ਬਣ ਸਕੀ। ਪੰਜਾਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਅਤੇ ਨਸ਼ਿਆਂ ਦੇ ਵਪਾਰ ਦਾ ਦਾਗ ਅਕਾਲੀਆਂ ਲਈ ਧੋਣਾ ਹਾਲ ਦੀ ਘੜੀ ਅਸੰਭਵ ਲੱਗਦਾ ਹੈ। ਕਾਂਗਰਸ ਦੀਆਂ ਸੀਟਾਂ ਦੀ ਵੰਡ ਵਿੱਚ ਚੱਲੀ ਬਿੱਲੀ ਖੋਹ ਨੇ ਪਾਰਟੀ ਦਾ ਹੋਰ ਨੁਕਸਾਨ ਕੀਤਾ ਹੈ। ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬੀ ਭਾਜਪਾਈਆਂ ਨੂੰ ਗਲੇ ਲਾਉਣ ਲਈ ਤਿਆਰ ਨਹੀਂ ਹੋਏ। ਪੰਜਾਬ ਵਿੱਚ ਭਾਜਪਾਈਆਂ ਨੂੰ ਪ੍ਰਚਾਰ ਕਰਨ ਲਈ ਖੁੱਲ੍ਹ ਦੇਣਾ ਹੀ ਪੰਜਾਬੀਆਂ ਦੀ ਫਰਾਖ਼ਦਿਲੀ ਮੰਨਣਾ ਪਵੇਗਾ।
ਐਗਜ਼ਿਟ ਪੋਲ ਕੁੱਝ ਵੀ ਕਹਿਣ, ਸਭ ਨੂੰ ਦਸ ਮਾਰਚ ਦੀ ਉਡੀਕ ਰਹੇਗੀ। ਸਰਕਾਰ ਕਿਸੇ ਦੀ ਵੀ ਬਣੇ, ਚੁਣੌਤੀਆਂ ਮੂੰਹ ਅੱਡੀ ਖੜੀਆਂ ਹਨ। ਦਿੱਲੀ ਤੋਂ ਰਿਮੋਟ ਰਾਹੀਂ ਪੰਜਾਬ ਦੀ ਸਰਕਾਰ ਚਲਾਉਣੀ ਹੋਰ ਵੀ ਵੱਡੀ ਚੁਣੌਤੀ ਹੋਵੇਗੀ। ਉਹ ਵੀ ਉਸ ਸੂਰਤ ਵਿੱਚ, ਜਦੋਂ ਪੰਜਾਬੀਆਂ ਦੀ ਤਾਸੀਰ ਅਤੇ ਸੁਭਾਅ ਹਾਲੇ ਵੀ ਓਪਰਾ ਹੈ।