– ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ
‘ਦ ਖ਼ਾਲਸ ਬਿਊਰੋ :- ਕਹਾਵਤ ਹੈ ਕਿ ਦੁੱਧ ਦਾ ਜਲਿਆ ਲੱਸੀ ਨੂੰ ਵੀ ਫੂਕਾਂ ਮਾਰ-ਮਾਰ ਪੀਂਦੈ। ਆਮ ਆਦਮੀ ਪਾਰਟੀ ਦੇ ਇਸ ਵਾਰ ਦੇ ਚੋਣ ਨਾਅਰੇ ਹੁਣ ਨਹੀਂ ਖਾਵਾਂਗੇ ਧੋਖਾ, ਇੱਕ ਵਾਰ ਕੇਜਰੀਵਾਲ, ਭਗਵੰਤ ਨੂੰ ਦਿਉ ਮੌਕਾ ਵਿੱਚੋਂ ਵੀ ਇਹੋ ਚੀਸ ਝਲਕਦੀ ਨਜ਼ਰ ਆ ਰਹੀ ਹੈ। ਪੰਜਾਬ ਚੋਣਾਂ ਨੂੰ ਲੈ ਕੇ ਸਾਹਮਣੇ ਆ ਰਹੇ ਐਗਜ਼ਿਟ ਪੋਲ ਤੋਂ ਚਾਹੇ ਆਮ ਆਦਮੀ ਪਾਰਟੀ ਦੇ ਮਨਾਂ ਵਿੱਚ ਲੱਡੂ ਫੁੱਟ ਰਹੇ ਹੋਣ ਪਰ ਇਸ ਵਾਰ ਵੀ ਪਾਸਾ ਪਲਟ ਜਾਣ ਦਾ ਡਰ ਅੰਦਰੋਂ ਅੰਦਰੀ ਸਤਾ ਰਿਹਾ ਹੈ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਐਗਜ਼ਿਟ ਪੋਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਧਰ ਦਿੱਤੀ ਸੀ ਪਰ ਨਤੀਜੇ ਕਾਂਗਰਸ ਦੇ ਹੱਕ ਵਿੱਚ ਭੁਗਤੇ ਸਨ। ਕਾਂਗਰਸ 77 ਸੀਟਾਂ ਉੱਤੇ ਜੇਤੂ ਰਹੀ ਅਤੇ ਆਮ ਆਦਮੀ ਪਾਰਟੀ ਨੂੰ 20 ਨਾਲ ਸਬਰ ਕਰਨਾ ਪਿਆ ਸੀ। ਯੂਪੀ ਜਿੱਥੋਂ ਦੀ ਰਸਤਾ ਕੇਂਦਰ ਦੀ ਸੱਤਾ ਨੂੰ ਜਾਂਦਾ ਹੈ, ਉੱਥੇ ਭਾਜਪਾ ਦਾ ਹੱਥ ਉੱਪਰ ਦਿਖਾਇਆ ਗਿਆ ਹੈ।
ਮੁਲਕ ਦੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਲਈ ਯੂਪੀ ਵਿੱਚ ਆਖ਼ਰੀ ਗੇੜ ਦੀਆਂ ਵੋਟਾਂ ਮੁਕੰਮਲ ਹੁੰਦਿਆਂ ਹੀ ਕਈ ਪਾਸਿਓਂ ਐਗਜ਼ਿਟ ਪੋਲ ਮੀਡੀਆ ਦੀ ਸਕਰੀਨ ਉੱਤੇ ਆ ਡਿੱਗੇ। ਪਿਛਲੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਸੀ ਵੋਟਰ ਦੇ ਐਗਜ਼ਿਟ ਪੋਲ ਵਿੱਚ ਆਮ ਆਦਮੀ ਪਾਰਟੀ ਨੂੰ ਕਾਫ਼ੀ ਮੂਹਰੇ ਦਿਖਾਇਆ ਗਿਆ ਸੀ ਭਾਵ 59 ਤੋਂ 67 ਸੀਟਾਂ ਉੱਤੇ ਜੇਤੂ ਦਿਖਾ ਕੇ ਅਸੈਂਬਲੀ ਵਿੱਚ ਬਹੁਮੱਤ ਪੱਕੀ ਦੱਸੀ ਗਈ ਸੀ। ਕਾਂਗਰਸ ਨੂੰ 41 ਤੋਂ 49 ਸੀਟਾਂ ਦਿੱਤੀਆਂ ਗਈਆਂ ਸਨ। ਇਸਦੇ ਉਲਟ ਨਤੀਜੇ ਜਦੋਂ ਸਾਹਮਣੇ ਆਏ ਤਾਂ ਕਾਂਗਰਸ 77 ਸੀਟਾਂ ਲੈ ਕੇ ਸਭ ਤੋਂ ਮੋਹਰੀ ਹੋ ਕੇ ਨਿਕਲੀ। ਆਮ ਆਦਮੀ ਪਾਰਟੀ ਨੂੰ 20 ਸੀਟਾਂ ਨਾਲ ਸਬਰ ਕਰਨਾ ਪਿਆ। ਸ਼੍ਰੋਮਣੀ ਅਕਾਲੀ ਦਲ 15 ਅਤੇ ਭਾਰਤੀ ਜਨਤਾ ਪਾਰਟੀ ਤਿੰਨ ਸੀਟਾਂ ਉੱਤੇ ਸਿਮਟ ਕੇ ਰਹਿ ਗਈ। ਦੋ ਸੀਟਾਂ ਉੱਤੇ ਲੋਕ ਇਨਸਾਫ ਪਾਰਟੀ ਕਾਬਜ਼ ਹੋਈ ਸੀ। ਕਾਂਗਰਸ ਪਾਰਟੀ ਪੂਰੇ ਪੰਜ ਸਾਲ ਸੱਤਾ ਉੱਤੇ ਕਾਬਜ਼ ਰਹੀ ਜਦਕਿ ਆਮ ਆਦਮੀ ਪਾਰਟੀ ਨੂੰ ਵਿੱਚ ਵਿਚਾਲੇ ਖੋਰਾ ਲੱਗਦਾ ਰਿਹਾ ਅਤੇ 11 ਦੇ ਕਰੀਬ ਵਿਧਾਇਕ ਆਪ ਨੂੰ ਅਲਵਿਦਾ ਕਹਿ ਕੇ ਕਾਂਗਰਸ ਦੇ ਬੇੜੇ ਵਿੱਚ ਸਵਾਰ ਹੋ ਗਏ ਸਨ। ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਨੇ ਇਸ ਵਾਰ ਕਾਂਗਰਸ ਦੀ ਟਿਕਟ ਤੋਂ ਚੋਣ ਲੜੀ ਹੈ।
ਇਸ ਵਾਰ ਦੀਆਂ ਚੋਣਾਂ ਵਿੱਚ ਚਾਣਕਿਆ ਨੇ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ 100 ਸੀਟਾਂ ਨਾਲ ਅੱਗੇ ਦੱਸਿਆ ਹੈ। ਕਾਂਗਰਸ ਨੂੰ 10 ਅਤੇ ਅਕਾਲੀ ਦਲ ਨੂੰ ਛੇ ਅਤੇ ਭਾਜਪਾ ਨੂੰ ਇੱਕ ਸੀਟ ਦਿੱਤੀ ਹੈ। ਸੀ ਵੋਟਰ ਦੇ ਸਰਵੇ ਵਿੱਚ ਆਮ ਆਦਮੀ ਪਾਰਟੀ ਨੂੰ ਉੱਪਰ ਤਾਂ ਦਿਖਾਇਆ ਗਿਆ ਹੈ ਪਰ 51 ਤੋਂ 61 ਤੱਕ ਸੀਟਾਂ ਦਿੱਤੀਆਂ ਗਈਆਂ ਹਨ। ਕਾਂਗਰਸ 22 ਤੋਂ 28, ਅਕਾਲੀ ਦਲ 20 ਤੋਂ 26 ਅਤੇ ਬੀਜੇਪੀ 7 ਤੋਂ 13 ਸੀਟਾਂ ਉੱਤੇ ਜੇਤੂ ਦੱਸੀ ਗਈ ਹੈ। ਇੰਡੀਆ ਟੂਡੇ ਨੇ ਵੀ ਆਮ ਆਦਮੀ ਪਾਰਟੀ ਨੂੰ 90 ਤੱਕ, ਕਾਂਗਰਸ ਨੂੰ ਵੱਧ ਤੋਂ ਵੱਧ 31, ਅਕਾਲੀ ਦਲ ਨੂੰ 11 ਅਤੇ ਬੀਜੇਪੀ ਨੂੰ ਚਾਰ ਸੀਟਾਂ ਦਿੱਤੀਆਂ ਹਨ। ਨਿਊਜ਼ 18 ਪੰਜਾਬ ਦਾ ਸਰਵੇ ਵੀ ਆਮ ਆਦਮੀ ਪਾਰਟੀ ਨੂੰ ਜਿਤਾ ਰਿਹਾ ਹੈ। ਆਮ ਆਦਮੀ ਪਾਰਟੀ ਨੂੰ 62 ਤੋਂ 70, ਕਾਂਗਰਸ ਨੂੰ 23 ਤੋਂ 31, ਅਕਾਲੀ ਦਲ ਨੂੰ 16 ਤੋਂ 24 ਅਤੇ ਬੀਜੇਪੀ ਨੂੰ ਇੱਕ ਤੋਂ ਚਾਰ ਸੀਟਾਂ ਉੱਤੇ ਜੇਤੂ ਦੱਸ ਰਿਹਾ ਹੈ।
ਇੰਡੀਆ ਨਿਊਜ਼ ਨੇ ਸਭ ਦੇ ਉਲਟ ਚੱਲਦਿਆਂ ਆਮ ਆਦਮੀ ਪਾਰਟੀ ਨੂੰ 39 ਤੋਂ 43 ਵਿੱਚ ਸਮੇਟ ਦਿੱਤਾ ਹੈ। ਕਾਂਗਰਸ ਨੂੰ 23 ਤੋਂ 26 ਸੀਟਾਂ ਦਿੱਤੀਆਂ ਹਨ। ਅਕਾਲੀ ਦਲ 22 ਤੋਂ 25 ਭਾਵ ਬਾਕੀਆਂ ਨਾਲੋਂ ਕਾਫ਼ੀ ਉੱਪਰ ਦਿਖਾਇਆ ਗਿਆ ਹੈ। ਭਾਜਪਾ ਗਠਜੋੜ ਦੀਆਂ ਸੀਟਾਂ ਵਿੱਚ ਵੀ ਛੇ ਤੋਂ ਅੱਠ ਤੱਕ ਦਾ ਉਛਾਲ ਦਿਖਾਇਆ ਗਿਆ ਹੈ। ਸੀਐੱਸਡੀਐੱਸ ਸਰਵੇ ਵੀ ਇੰਡੀਆ ਨਿਊਜ਼ ਨਾਲ ਕਾਫ਼ੀ ਮੇਲ ਖਾ ਰਿਹਾ ਹੈ। ਪਰ ਇਹਦੇ ਵਿੱਚ ਕਾਂਗਰਸ ਦਾ ਹੱਥ ਉੱਪਰ ਦਿਖਾਇਆ ਗਿਆ ਹੈ। ਕਾਂਗਰਸ ਨੂੰ ਸਭ ਤੋਂ ਵੱਧ 56 ਅਤੇ ਆਪ ਨੂੰ ਉਸ ਤੋਂ ਘੱਟ 46 ਤੱਕ ਸੀਟਾਂ ਦਿੱਤੀਆਂ ਗਈਆਂ ਹਨ। ਇੱਥੇ ਭਾਜਪਾ ਦਾ ਖਾਤਾ ਨਹੀਂ ਖੁੱਲਿਆ ਪਰ ਸ਼੍ਰੋਮਣੀ ਅਕਾਲੀ ਦਲ 27 ਨੂੰ ਹੱਥ ਪਾ ਰਿਹਾ ਹੈ। ਵੱਖ-ਵੱਖ ਅੱਠ ਅਦਾਰਿਆਂ ਦੇ ਐਗਜ਼ਿਟ ਪੋਲ ਦੀ ਔਸਤ ਕੱਢੀਏ ਤਾਂ ਆਪ ਸਭ ਤੋਂ ਵੱਧ 67 ਸੀਟਾਂ ਨੂੰ ਹੱਥ ਮਾਰਦਾ ਦਿਸ ਰਿਹਾ ਹੈ। ਅਕਾਲੀ ਦਲ ਅਤੇ ਕਾਂਗਰਸ ਨੇੜੇ-ਨੇੜੇ ਚੱਲਦੇ ਹਨ। ਅਕਾਲੀ ਦਲ ਕਾਂਗਰਸ ਤੋਂ ਚਾਰ ਸੀਟਾਂ ਘੱਟ ਲੈ ਕੇ 21 ਉੱਤੇ ਖੜਾ ਹੈ। ਭਾਜਪਾ ਨੂੰ ਚਾਰ ਸੀਟਾਂ ਮਿਲ ਰਹੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਸਾਰੇ ਚੋਣ ਸਰਵੇਖਣਾਂ ਵਿੱਚ ਕਿਸਾਨਾਂ ਦੀ ਨਵ ਗਠਿਤ ਸਿਆਸੀ ਪਾਰਟੀ ਸੰਯੁਕਤ ਸਮਾਜ ਮੋਰਚਾ ਦਾ ਨਾਂ ਤੱਕ ਨਹੀਂ ਲਿਆ ਗਿਆ। ਲੋਕ ਇਨਸਾਫ ਪਾਰਟੀ ਵੀ ਸਰਵੇ ਵਿੱਚੋਂ ਮਨਫੀ ਦਿਸੀ ਹੈ। ਹਾਲਾਂਕਿ, ਬੈਂਸ ਭਰਾ ਦੀ ਜਿੱਤ ਦੀ ਚਰਚਾ ਪੂਰੇ ਜ਼ੋਰਾਂ ‘ਤੇ ਹੈ।
ਦੂਜੇ ਰਾਜਾਂ ਦੀ ਗੱਲ ਕਰੀਏ ਤਾਂ ਭਾਜਪਾ ਨੂੰ ਯੂਪੀ ਵਿੱਚ ਵੱਡੀ ਲੀਡ ਦਿੱਤੀ ਗਈ ਹੈ। ਉੱਤਰਾਖੰਡ ਵਿੱਚ ਵੀ ਐਗਜ਼ਿਟ ਪੋਲ ਭਾਜਪਾ ਦੇ ਹੱਕ ਵਿੱਚ ਭੁਗਤ ਰਹੇ ਹਨ। ਮਨੀਪੁਰ ਸਮੇਤ ਗੋਆ ਅਤੇ ਉੱਤਰਾਖੰਡ ਵਿੱਚ ਵੀ ਭਾਜਪਾ ਦਾ ਹੱਥ ਉੱਪਰ ਚਲਾ ਗਿਆ ਹੈ। ਪੰਜਾਬ ਵਿੱਚ ਚੋਣ ਸਰਵੇਖਣ ਪਿਛਲੀ ਵਾਰ ਨਾਲੋਂ ਹਟ ਕੇ ਸੱਚ ਦੇ ਨੇੜੇ ਖੜਦੇ ਹੋਏ ਤਾਂ ਪੰਜਾਬ ਦੀਆਂ ਦੋ ਰਵਾਇਤੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਆਪਣੀ ਹੋਂਦ ਬਰਕਰਾਰ ਰੱਖਣੀ ਮੁਸ਼ਕਿਲ ਹੋ ਜਾਵੇਗੀ। ਆਮ ਆਦਮੀ ਪਾਰਟੀ ਹਾਲੇ ਤੱਕ ਸੱਤਾ ਚਲਾਉਣ ਵਿੱਚ ਕੱਚੀ ਚੱਲੀ ਆ ਰਹੀ ਹੈ। ਇਸ ਕਰਕੇ ਅੰਦਰੂਨੀ ਅਤੇ ਬਾਹਰੀ ਚੁਣੌਤੀਆਂ ਨਾਲ ਸਿੱਜਣਾ ਆਸਾਨ ਨਹੀਂ ਹੋਵੇਗਾ। ਆਪ ਦੇ 11 ਵਿਧਾਇਕਾਂ ਦਾ ਪਾਰਟੀ ਨਾਲੋਂ ਤੋੜ ਵਿਛੋੜਾ ਅਤੇ ਵਿਰੋਧੀ ਧਿਰ ਦੇ ਨੇਤਾ ਵਜੋਂ ਮਜ਼ਬੂਤ ਭੂਮਿਕਾ ਨਿਭਾਉਣ ਵਿੱਚ ਅਸਫ਼ਲਤਾ ਇਸੇ ਡਰ ਵੱਲ ਇਸ਼ਾਰਾ ਕਰਦੇ ਨਜ਼ਰ ਆ ਰਹੇ ਹਨ।