Assam Police Arrests AAP Worker From Punjab For Smuggling 850 Kg Ganja

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਸੀਨੀਅਰ ਵਰਕਰ ਜਸਵਿੰਦਰ ਸਿੰਘ ਉਰਫ਼ ਬੱਬੂ ਗਰੀਬ ਨੂੰ ਆਸਾਮ ਪੁਲਿਸ ਨੇ ਨਸ਼ਾ ਤਸਕਰੀ ਦੇ ਮਾਮਲੇ(drug smuggling cases) ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਸ ‘ਤੇ 850 ਕਿਲੋ ਗਾਂਜੇ ਦੀ ਤਸਕਰੀ ਕਰਨ ਦਾ ਦੋਸ਼ ਹੈ। ਜਸਵਿੰਦਰ ਬੱਬੂ ਨੂੰ ਗ੍ਰਿਫ਼ਤਾਰ ਕਰਕੇ ਆਸਾਮ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ 7 ਜੁਲਾਈ 2022 ਨੂੰ ਆਸਾਮ ਦੇ ਕੋਕਰਾਝਾਰ ਜ਼ਿਲ੍ਹੇ ਦੇ ਥਾਣਾ ਗੋਸਾਈਗਾਂਵ ਦੀ ਪੁਲਿਸ ਨੇ ਸੂਚਨਾ ਦੇ ਆਧਾਰ ‘ਤੇ ਨਾਕਾਬੰਦੀ ਕੀਤੀ ਸੀ। ਇਸ ਨਾਕਾਬੰਦੀ ਦੌਰਾਨ ਚੌਕੀ ਸ੍ਰੀਰਾਮਪੁਰਾ ਵਿਖੇ ਇੱਕ ਟਰੱਕ ਨੂੰ ਰੋਕਿਆ ਗਿਆ। ਤਲਾਸ਼ੀ ਲੈਣ ‘ਤੇ ਟਰੱਕ ‘ਚੋਂ 850 ਕਿਲੋ ਗਾਂਜਾ ਬਰਾਮਦ ਹੋਇਆ।

ਮੁਲਜ਼ਮਾਂ ਦੀ ਪਛਾਣ ਰਹਿਮਤੁੱਲਾ ਖਾਨ ਵਾਸੀ ਕਾਰਬੀ ਐਂਗਲੌਂਗ ਅਤੇ ਰਮੇਸ਼ ਕੁਮਾਰ ਵਾਸੀ ਰਾਜਸਥਾਨ ਵਜੋਂ ਹੋਈ ਹੈ। ਕੋਕਰਾਝਾਰ ਦੇ ਪੁਲਸ ਸੁਪਰਡੈਂਟ ਪ੍ਰਤੀਕ ਠੁਬੇ ਦੇ ਮੁਤਾਬਕ ਸ਼੍ਰੀਰਾਮਪੁਰ ‘ਚ ਨਾਕੇ ‘ਤੇ ਚੈਕਿੰਗ ਦੌਰਾਨ ਇਕ ਟਰੱਕ ‘ਚੋਂ ਕਰੀਬ 850 ਕਿਲੋ ਗਾਂਜਾ ਬਰਾਮਦ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਟਰੱਕ ਕਾਰਬੀ ਆਂਗਲਾਂਗ ਤੋਂ ਹਾਜੀਪੁਰ ਜਾ ਰਿਹਾ ਸੀ। ਜਦੋਂ ਮੁਲਜ਼ਮਾਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੂੰ ਉਨ੍ਹਾਂ ’ਤੇ ਗੋਲੀ ਚਲਾਉਣੀ ਪਈ। ਦੋਸ਼ੀਆਂ ਦੀਆਂ ਲੱਤਾਂ ‘ਚ ਗੋਲੀ ਲੱਗੀ ਸੀ ਅਤੇ ਉਨ੍ਹਾਂ ਨੂੰ ਬਾਰਪੇਟਾ ਦੇ ਫਖਰੂਦੀਨ ਅਲੀ ਅਹਿਮਦ ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।

ਗਾਂਜੇ ਦੀ ਕੀਮਤ 85 ਲੱਖ ਰੁਪਏ ਤੋਂ ਵੱਧ ਦੱਸੀ ਗਈ ਹੈ। ਇਸ ਤੋਂ ਬਾਅਦ ਪੁਲਸ ਪੁੱਛਗਿੱਛ ‘ਚ ਰਾਜਾ ਸਿੰਘ ਵਾਸੀ ਬਟਾਲਾ ਅਤੇ ਜਸਵਿੰਦਰ ਸਿੰਘ ਬੱਬੂ ਵਾਸੀ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਦੇ ਨਾਂ ਸਾਹਮਣੇ ਆਏ। ਹੁਣ ਆਸਾਮ ਪੁਲਿਸ ਨੇ ਜਸਵਿੰਦਰ ਸਿੰਘ ਬੱਬੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਸਵਿੰਦਰ ਸਿੰਘ ਉਰਫ਼ ਬੱਬੂ ਪਹਿਲਾਂ ਕਾਂਗਰਸ ਪਾਰਟੀ ਦਾ ਵਰਕਰ ਸੀ ਅਤੇ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਵਿੱਚ ਸ਼ਾਮਲ ਹੋ ਗਿਆ ਸੀ। ਇਸ ਸਮੇਂ ਜਸਵਿੰਦਰ ਪੰਜਾਬ ਸਰਕਾਰ ਦੇ ਇੱਕ ਮੰਤਰੀ ਦਾ ਕਾਫੀ ਕਰੀਬੀ ਦੱਸਿਆ ਜਾਂਦਾ ਹੈ।