India

ਅਸਾਮ ਵਾਲਿਆਂ ‘ਤੇ ਡਿੱਗੀ ਇੱਕ ਭਿਆ ਨਕ ਕੁਦਰਤੀ ਕਰੋ ਪੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹੜ੍ਹਾਂ ਨਾਲ ਹੁੰਦੀ ਤਬਾਹੀ ਅੱਗੇ ਮਨੁੱਖ ਬੇਬੱਸ ਹੋ ਕੇ ਰਹਿ ਜਾਂਦਾ ਹੈ। ਹੜ੍ਹ ਇੱਕ ਕੁਦਰਤੀ ਆਫ਼ਤ ਹੈ ਜੋ ਕਿ ਅਕਸਰ ਤਬਾਹੀ ਅਤੇ ਬਰਬਾਦੀ ਦਾ ਕਾਰਨ ਬਣਦੀ ਹੈ। ਹੜ੍ਹਾਂ ਕਾਰਨ ਕਾਫ਼ੀ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ। ਫ਼ਸਲਾਂ, ਇਮਾਰਤਾਂ, ਸੜਕਾਂ ਅਤੇ ਰੇਲਵੇ ਲਾਈਨਾਂ ਤਬਾਹ ਹੋ ਜਾਂਦੀਆਂ ਹਨ, ਜਿਸ ਕਰਕੇ ਜਾਨੀ ਨੁਕਸਾਨ ਦੇ ਨਾਲ ਨਾਲ ਆਰਥਿਕ ਨੁਕਸਾਨ ਵੀ ਹੁੰਦਾ ਹੈ। ਇਸ ਸਮੇਂ ਅਸਾਮ ਨੂੰ ਹੜ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸਾਮ ਵਿੱਚ ਹੜ੍ਹ ਦੀ ਸਥਿਤੀ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਅਸਾਮ ਦੇ 32 ਜ਼ਿਲ੍ਹਿਆਂ ਵਿੱਚ ਕਰੀਬ 55 ਲੱਖ ਲੋਕ ਪ੍ਰਭਾਵਿਤ ਹੋਏ ਹਨ। ਹੜ ਕਾਰਨ ਹੁਣ ਤੱਕ 81 ਲੋਕਾਂ ਦੀ ਮੌਤ ਹੋ ਗਈ ਹੈ ਅਤੇ 50 ਲੱਖ ਦੇ ਕਰੀਬ ਲੋਕ ਪ੍ਰਭਾਵਿਤ ਹੋਏ ਹਨ।

ਮੋਰੀਗਾਂਵ ਜ਼ਿਲੇ ‘ਚ ਨੈਸ਼ਨਲ ਹਾਈਵੇ-37 ਦਾ ਵੱਡਾ ਹਿੱਸਾ ਆਪਣੇ ਘਰ ਛੱਡਣ ਲਈ ਮਜ਼ਬੂਰ ਲੋਕਾਂ ਲਈ ਹੁਣ ਪਨਾਹਗਾਹ ਬਣ ਗਿਆ ਹੈ। ਹੜ੍ਹ ਦੇ ਪਾਣੀ ਕਾਰਨ ਲੋਕਾਂ ਦੇ ਘਰ ਪੂਰੀ ਤਰ੍ਹਾਂ ਡੁੱਬ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬ੍ਰਹਮਪੁੱਤਰ ਨਦੀ ਅਤੇ ਬਰਾਕ ਨਦੀ ਸਮੇਤ ਉਨ੍ਹਾਂ ਦੀਆਂ ਸਹਾਇਕ ਨਦੀਆਂ ‘ਚ ਉਛਾਲ ਆਇਆ ਹੈ। ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਹੜ੍ਹ ਪ੍ਰਭਾਵਿਤ ਨਲਬਾੜੀ ਅਤੇ ਕਾਮਰੂਪ ਜ਼ਿਲ੍ਹਿਆਂ ਦਾ ਦੌਰਾ ਕੀਤਾ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਜਲਦ ਹੜ੍ਹ ਰਾਹਤ ਪੈਕੇਜ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਨਾਵ ਹੀ ਹੜ੍ਹ ਪ੍ਰਭਾਵਿਤ ਲੋਕਾਂ ਲਈ ਇੱਕ ਪੋਰਟਲ ਲਾਂਚ ਕਰਨ ਬਾਰੇ ਵੀ ਕਿਹਾ ਜਿਸ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਨੂੰ ਦਰਜ ਕੀਤਾ ਜਾ ਸਕਦਾ ਹੈ।

ਅਸਾਮ ਦੇ ਸ਼ਹਿਰ ਸਿਲਚਰ ਦੇ ਕਈ ਇਲਾਕੇ ਪਾਣੀ ਵਿੱਚ ਡੁੱਬ ਗਏ ਹਨ। ਕੁੱਲ 425 ਲੋਕਾਂ ਨੂੰ ਬਚਾਇਆ ਗਿਆ ਹੈ ਅਤੇ 10 ਹਜ਼ਾਰ 468 ਲੋਕਾਂ ਨੂੰ 57 ਰਾਹਤ ਕੈਂਪਾਂ ਵਿੱਚ ਰੱਖਿਆ ਗਿਆ ਹੈ। ਐੱਨਡੀਆਰਐੱਫ਼ ਦੀ ਟੀਮ ਨੇ ਇੱਕ ਵਿਅਕਤੀ ਦੀ ਮ੍ਰਿਤਕ ਦੇਹ ਬਰਾਮਦ ਕੀਤੀ ਹੈ।

ਬਾਰਪੇਟਾ ਜ਼ਿਲ੍ਹੇ ਵਿੱਚ 12.51 ਲੱਖ ਲੋਕ ਪ੍ਰਭਾਵਿਤ ਹੋਏ ਹਨ। ਧੂਬਰੀ ਵਿੱਚ 5.94 ਲੱਖ ਅਤੇ ਦਾਰਾਂਗ ਵਿੱਚ 5.47 ਲੱਖ ਲੋਕ ਪ੍ਰਭਾਵਿਤ ਹੋਏ ਹਨ। ਕੁੱਲ ਮਿਲਾ ਕੇ 2.62 ਲੱਖ ਲੋਕਾਂ ਨੇ 862 ਰਾਹਤ ਕੈਂਪਾਂ ਵਿੱਚ ਸ਼ਰਨ ਲਈ ਹੈ। ਇਸ ਤੋਂ ਇਲਾਵਾ 7-8 ਪਿੰਡਾਂ ਦੇ ਕਰੀਬ 2000 ਲੋਕ ਹੁਣ ਮੱਧ ਆਸਾਮ ਜ਼ਿਲ੍ਹੇ ਦੇ ਜਗੀਰੋਡ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਬਰਖਾਲ ਖੇਤਰ ਦੇ ਨੇੜੇ ਨੈਸ਼ਨਲ ਹਾਈਵੇਅ ‘ਤੇ ਸ਼ਰਨ ਲੈ ਰਹੇ ਹਨ।

ਅਸਾਮ ਸਰਕਾਰ ਨੇ ਹੜ੍ਹ ਪ੍ਰਭਾਵਿਤ ਲੋਕਾਂ ਲਈ 1 ਹਜ਼ਾਰ 425 ਰਾਹਤ ਕੈਂਪ ਖੋਲ੍ਹੇ ਹਨ। ਅਸਾਮ ਦੇ ਮੁੱਖ ਮੰਤਰੀ ਨੇ ਐੱਨਡੀਆਰਐੱਫ਼ ਦੀ ਬੇੜੀ ਵਿੱਚ ਬੈਠ ਕੇ ਅਸਾਮ ਦੇ ਨਾਗਾਓਂ ਜ਼ਿਲ੍ਹੇ ਦੀਆਂ ਵੱਖ ਵੱਖ ਜਗ੍ਹਾਵਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ।

ਭਾਰਤ ਵਿੱਚ ਹੜ ਜ਼ਿਆਦਾਤਾਰ ਮੌਸਮੀ ਮੀਂਹ ਕਰਕੇ ਆਉਂਦੇ ਹਨ। ਤਕਰੀਬਨ ਭਾਰਤ ਦੀ ਅੱਧੀ ਆਬਾਦੀ ਹਰ ਸਾਲ ਹੜਾਂ ਦੀ ਮਾਰ ਵਿੱਚ ਆਉਂਦੀ ਹੈ। ਹੜ੍ਹਾਂ ਕਾਰਨ ਕਈ ਤਰ੍ਹਾਂ ਦੀਆਂ ਜਾਨ-ਲੇਵਾ ਬਿਮਾਰੀਆਂ ਵੀ ਫੈਲ ਜਾਂਦੀਆਂ ਹਨ। ਹੜ੍ਹ ਇੱਕ ਭਿਆਨਕ ਕੁਦਰਤੀ ਕਰੋਪੀ ਹੈ, ਜਿਸ ਨਾਲ ਨਜਿੱਠਣ ਲਈ ਸਰਕਾਰ ਨੂੰ ਹਰ ਪੱਧਰ ਉੱਤੇ ਠੋਸ ਕਦਮ ਚੁੱਕਣੇ ਚਾਹੀਦੇ ਹਨ।