‘ਦ ਖ਼ਾਲਸ ਬਿਊਰੋ :- ਫ਼ਰੀਦਕੋਟ ‘ਚ ਅੱਜ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਹਰਜੀਤ ਸਿੰਘ ਵੱਲੋਂ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਗੋਦੜੀ ਸਾਹਿਬ ਕਲੋਨੀ ਦੇ ਸਰਪੰਚ ਗੁਰਕੰਵਲਜੀਤ ਸਿੰਘ ਖਿਲਾਫ਼ ਧਮਕੀਆਂ ਦੇਣ ਤੇ ਸਰਕਾਰੀ ਦਫ਼ਤਰ ‘ਚ ਆ ਕੇ ਗੁੰਡਾਗਰਦੀ ਕਰਨ ਦੇ ਦੋਸ਼ਾਂ ਤਹਿਤ ਸਿਟੀ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਹੈ।
BDPO ਹਰਜੀਤ ਸਿੰਘ ਨੇ ਪੁਲੀਸ ਨੂੰ ਆਪਣਾ ਬਿਆਨ ਦਿੰਦਿਆਂ ਕਿਹਾ ਕਿ, ਮਾਈ ਗੋਦੜੀ ਸਾਹਿਬ ਕਲੋਨੀ ਦੇ ਸਰਪੰਚ ਗੁਰਕੰਵਲਜੀਤ ਸਿੰਘ ਦੇ ਦਫ਼ਤਰ ਵੱਲੋਂ ਕਲੋਨੀ ‘ਚ ਖਰਚੀਆਂ ਗਈਆਂ ਗਰਾਂਟਾਂ ਦਾ ਹਿਸਾਬ ਮੰਗਿਆ ਸੀ, ਜਿਸ ਦਾ ਕਥਿਤ ਤੌਰ ‘ਤੇ ਗੁਰਕੰਵਲਜੀਤ ਸਿੰਘ ਨੇ ਕੋਈ ਢੁੱਕਵਾਂ ਜਵਾਬ ਨਹੀਂ ਦਿੱਤਾ ਤੇ 13 ਅਗਸਤ ਨੂੰ ਇਹ ਅਕਾਲੀ ਆਗੂ ਹਥਿਆਰਾਂ ਤੇ ਅਸਲੇ ਸਮੇਤ ਆਪਣੇ ਦੋ ਹੋਰ ਸਾਥੀਆਂ ਨਾਲ BDPO ਦਫ਼ਤਰ ‘ਚ ਆ ਗਿਆ ਤੇ ਸਰਕਾਰੀ ਅਧਿਕਾਰੀਆਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਤੇ ਸਬਕ ਸਿਖਾਉਣ ਦੀਆਂ ਧਮਕੀਆਂ ਦੇਣ ਲੱਗ ਪਿਆ।
ਥਾਣਾ ਸਿਟੀ ਦੇ SHO ਗੁਰਵਿੰਦਰ ਸਿੰਘ ਨੇ ਕਿਹਾ ਕਿ BDPO ਹਰਜੀਤ ਸਿੰਘ ਦੀ ਸ਼ਿਕਾਇਤ ਦੇ ਅਧਾਰ ‘ਤੇ ਗੁਰਕੰਵਲਜੀਤ ਸਿੰਘ ਤੇ ਦੋ ਅਣਪਛਾਤੇ ਸਾਥੀਆਂ ਖਿਲਾਫ਼ IPC ਦੀ ਧਾਰਾ 353, 186, 506 ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਦੂਜੇ ਪਾਸੇ ਗੁਰਕੰਵਲਜੀਤ ਸਿੰਘ ਨੇ ਇਸ ਮੁਕੱਦਮੇ ਨੂੰ ਸਿਆਸੀ ਰੰਜਿਸ਼ ਕਰਾਰ ਦਿੱਤਾ ਹੈ।