India Sports

ਏਸ਼ੀਅਨ ਚੈਂਪੀਅਨਜ਼ ਟਰਾਫੀ ’ਚ ਭਾਰਤ ਦੀ ਲਗਾਤਾਰ ਚੌਥੀ ਜਿੱਤ! ਕੋਰੀਆ ਨੂੰ 3-1 ਨਾਲ ਹਰਾਇਆ

ਬਿਉਰੋ ਰਿਪੋਰਟ: ਭਾਰਤੀ ਹਾਕੀ ਟੀਮ ਨੇ ਏਸ਼ੀਅਨ ਚੈਂਪੀਅਨਸ ਟਰਾਫੀ 2024 ਵਿੱਚ ਲਗਾਤਾਰ ਚੌਥੀ ਜਿੱਤ ਦਰਜ ਕਰ ਲਈ ਹੈ। ਟੀਮ ਨੇ ਵੀਰਵਾਰ ਨੂੰ ਚੀਨ ਦੇ ਹੁਲੁਨਬਿਊਰ ’ਚ ਖੇਡੇ ਗਏ ਮੈਚ ਵਿੱਚ ਦੱਖਣੀ ਕੋਰੀਆ ਨੂੰ 3-1 ਨਾਲ ਹਰਾਇਆ। ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ ਨੇ ਦੋ ਗੋਲ ਕੀਤੇ। ਭਾਰਤੀ ਟੀਮ ਪਹਿਲਾਂ ਹੀ ਸੈਮੀਫਾਈਨਲ ਵਿੱਚ ਪਹੁੰਚ ਚੁੱਕੀ ਹੈ। ਟੀਮ ਨੇ ਪਹਿਲੇ ਮੈਚ ਵਿੱਚ ਚੀਨ, ਦੂਜੇ ਵਿੱਚ ਜਾਪਾਨ ਅਤੇ ਤੀਜੇ ਵਿੱਚ ਮਲੇਸ਼ੀਆ ਨੂੰ ਹਰਾਇਆ। ਭਾਰਤੀ ਟੀਮ ਆਪਣਾ ਅਗਲਾ ਮੈਚ 14 ਸਤੰਬਰ ਨੂੰ ਵਿਰੋਧੀ ਪਾਕਿਸਤਾਨ ਨਾਲ ਖੇਡੇਗੀ।

ਅੱਜ ਦੇ ਮੈਚ ਦਾ ਪਹਿਲਾ ਗੋਲ ਪਹਿਲੇ ਕੁਆਰਟਰ ਵਿੱਚ ਕੀਤਾ ਗਿਆ। ਭਾਰਤ ਲਈ ਅਰਾਏਜੀਤ ਸਿੰਘ ਹੁੰਦਲ ਨੇ 8ਵੇਂ ਮਿੰਟ ਵਿੱਚ ਗੋਲ ਕੀਤਾ। ਇਸ ਤੋਂ ਬਾਅਦ 9ਵੇਂ ਮਿੰਟ ’ਚ ਹਰਮਨਪ੍ਰੀਤ ਨੇ ਪੈਨਲਟੀ ਕਾਰਨਰ ’ਤੇ ਗੋਲ ਕਰਕੇ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ। ਕੋਰੀਆ ਦੇ ਯਾਂਗ ਜਿਹੁਨ ਨੇ 30ਵੇਂ ਮਿੰਟ ’ਚ ਗੋਲ ਕਰਕੇ ਬੜ੍ਹਤ ਨੂੰ ਘਟਾ ਦਿੱਤਾ। 43ਵੇਂ ਮਿੰਟ ਵਿੱਚ ਹਰਮਨ ਨੇ ਫਿਰ ਗੋਲ ਕਰਕੇ ਸਕੋਰ 3-1 ਕਰ ਦਿੱਤਾ। ਇੱਥੇ ਸਕੋਰ ਫੈਸਲਾਕੁੰਨ ਸੀ।

ਅੰਕ ਸੂਚੀ ’ਚ ਭਾਰਤ ਪਹਿਲੇ ਨੰਬਰ ’ਤੇ

ਏਸ਼ੀਅਨ ਚੈਂਪੀਅਨਸ ਟਰਾਫੀ ਦੇ ਅੰਕ ਸੂਚੀ ਵਿੱਚ ਭਾਰਤ ਪਹਿਲੇ ਸਥਾਨ ’ਤੇ ਹੈ। ਭਾਰਤ ਦੇ 4 ਮੈਚਾਂ ਵਿੱਚ 4 ਜਿੱਤਾਂ ਨਾਲ 12 ਅੰਕ ਹਨ। ਪਾਕਿਸਤਾਨ ਦੂਜੇ ਨੰਬਰ ’ਤੇ ਹੈ। ਉਸ ਦੇ 3 ਮੈਚਾਂ ’ਚ 1 ਜਿੱਤ ਅਤੇ 2 ਡਰਾਅ ਨਾਲ 5 ਅੰਕ ਹਨ।

14 ਸਤੰਬਰ ਨੂੰ ਪਾਕਿਸਤਾਨ ਨਾਲ ਖੇਡੇਗੀ ਟੀਮ ਇੰਡੀਆ

ਭਾਰਤੀ ਟੀਮ ਆਪਣਾ ਅਗਲਾ ਮੈਚ 14 ਸਤੰਬਰ ਨੂੰ ਵਿਰੋਧੀ ਪਾਕਿਸਤਾਨ ਨਾਲ ਖੇਡੇਗੀ। ਇਸ ਟੂਰਨਾਮੈਂਟ ’ਚ ਭਾਰਤ ਦੇ ਨਾਲ-ਨਾਲ ਚੀਨ, ਕੋਰੀਆ, ਜਾਪਾਨ, ਮਲੇਸ਼ੀਆ ਅਤੇ ਪਾਕਿਸਤਾਨ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਟੂਰਨਾਮੈਂਟ ਦਾ ਫਾਈਨਲ 17 ਸਤੰਬਰ ਨੂੰ ਖੇਡਿਆ ਜਾਵੇਗਾ।