ਚੰਡੀਗੜ੍ਹ : ਚੰਡੀਗੜ੍ਹ ਵਿੱਚ ASI ਨੇ ਆਪਣੇ ਘਰ ਵਿੱਚ ਇੱਕ ਕੁੱਤੇ ਦੇ ਨਾਲ ਹੈਵਾਨੀਅਤ ਵਾਲੀ ਕਰਤੂਤ ਕੀਤੀ ਹੈ,ਜਿਸ ਤੋਂ ਬਾਅਦ ਉਸ ਦੇ ਖ਼ਿਲਾਫ਼ ਪੁਲਿਸ ਨੇ ਐਨੀਮਲ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ। ASI ਨੇ ਕੁੱਤੇ ਨੂੰ ਕਰੰਟ ਲਾਕੇ ਮਾਰ ਦਿੱਤਾ ਹੈ, ਕੁੱਤਾ ਤੜਫ਼-ਤੜਫ਼ ਕੇ ਮਰ ਗਿਆ।
ਗੁਆਂਢੀ ਕਸਤੂਰੀ ਲਾਲ ਨੇ ਦੱਸਿਆ ਕਿ ASI ਨੇ ਆਪਣੇ ਘਰ ਦੇ ਲਾਨ ਵਿੱਚ ਕਰੰਟ ਦੀ ਇੱਕ ਤਾਰ ਛੱਡੀ ਸੀ, ਜਿਸ ਦੀ ਲਪੇਟ ਵਿੱਚ ਗਲੀ ਦਾ ਕੁੱਤਾ ਆ ਗਿਆ ਅਤੇ ਮਰ ਗਿਆ। ਗੁਆਂਢੀ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਕੁੱਤੇ ਨੂੰ ਮਾਰਨ ਦੇ ਮਕਸਦ ਦੇ ਨਾਲ ASI ਨੇ ਇਹ ਹਰਕਤ ਕੀਤੀ ਸੀ ।
ਵਾਰਦਾਤ ਚੰਡੀਗੜ੍ਹ ਦੇ ਸੈਕਟਰ 23 ਦੇ 1255 ਨੰਬਰ ਘਰ ਦੀ ਹੈ, ASI ਹਰਿਆਣਾ ਪੁਲਿਸ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ASI ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਅਤੇ ਉਸ ਦੀ ਗ੍ਰਿਫ਼ਤਾਰੀ ਵੀ ਹੋ ਸਕਦੀ ਹੈ, ਉੱਧਰ ASI ਸਫ਼ਾਈ ਦੇ ਰਿਹਾ ਹੈ ਕਿ ਉਸ ਨੇ ਅਜਿਹਾ ਨਹੀਂ ਕੀਤਾ ਹੈ, ਪਰ ਪੁਲਿਸ ਦੀ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ASI ਨੇ ਕੁੱਤੇ ਨੂੰ ਮਾਰਨ ਦੇ ਮਕਸਦ ਨਾਲ ਹੀ ਕਰੰਟ ਛੱਡਿਆ ਸੀ। ਮੁਹੱਲੇ ਵਿੱਚ ਜ਼ਿਆਦਾ ਕੁੱਤੇ ਹੋਣ ਦੀ ਵਜ੍ਹਾ ਕਰ ਕੇ ਉਹ ਕਾਫ਼ੀ ਪਰੇਸ਼ਾਨ ਸੀ,ਜਿਸ ਦੀ ਵਜ੍ਹਾ ਕਰ ਕੇ ਉਸ ਨੇ ਅਜਿਹੀ ਹਰਕਤ ਕੀਤੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਇੱਕ ਸ਼ਹਿਰ ਵਿੱਚ 30 ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਸੀ। 19 ਮਈ ਨੂੰ ਖੰਨਾ ਤੋਂ ਖ਼ਬਰ ਆਈ ਸੀ ਕਿ 25 ਤੋਂ 30 ਕੁੱਤਿਆਂ ਨੂੰ ਚੋਰਾਂ ਵੱਲੋਂ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ। ਸਵੇਰ ਵੇਲੇ ਜਦੋਂ ਲੋਕ ਉੱਠੇ ਤਾਂ ਕੁੱਤਿਆਂ ਦੀ 30 ਲਾਸ਼ਾਂ ਪੂਰੇ ਮੁਹੱਲੇ ਵਿੱਚ ਪਈਆਂ ਸਨ। ਕੁੱਤਿਆਂ ਨੇ ਉਲਟੀ ਕੀਤੀ ਹੋਈ ਅਤੇ ਮੂੰਹ ਤੋਂ ਲੱਡੂ ਨਿਕਲੇ ਹੋਏ ਸਨ। ਦੱਸਿਆ ਗਿਆ ਕਿ ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਸੀ ।