Punjab

ਨਾਕੇ ’ਤੇ ਤਾਇਨਾਤ ASI ਅਤੇ ਹੋਮਗਾਰਡ ਦਾ ਗੋਲ਼ੀਆਂ ਮਾਰ ਕੇ ਕਤਲ

ਬਿਊਰੋ ਰਿਪੋਰਟ (ਗੁਰਦਾਸਪੁਰ, 22 ਫਰਵਰੀ 2026): ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿੱਚ ਦੇਰ ਰਾਤ ਇੱਕ ਬੇਹੱਦ ਖ਼ੌਫ਼ਨਾਕ ਵਾਰਦਾਤ ਸਾਹਮਣੇ ਆਈ ਹੈ। ਇੱਥੇ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਸਥਿਤ ਪਿੰਡ ਆਦੀਆਂ (ਥਾਣਾ ਦੋਰੰਗਲਾ) ਵਿੱਚ ਡਿਊਟੀ ’ਤੇ ਤਾਇਨਾਤ ਦੋ ਪੁਲਿਸ ਮੁਲਾਜ਼ਮਾਂ ਦੀ ਅਣਪਛਾਤੇ ਹਮਲਾਵਰਾਂ ਨੇ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕਾਂ ਦੀ ਪਛਾਣ ਏ.ਐੱਸ.ਆਈ. (ASI) ਅਸ਼ੋਕ ਕੁਮਾਰ ਅਤੇ ਹੋਮਗਾਰਡ ਜਵਾਨ ਗੁਰਨਾਮ ਸਿੰਘ ਵਜੋਂ ਹੋਈ ਹੈ।

ਪੁਲਿਸ ਮੁਤਾਬਕ ਇਹ ਹਮਲਾ ਦੇਰ ਰਾਤ ਉਸ ਸਮੇਂ ਹੋਇਆ ਜਦੋਂ ਦੋਵੇਂ ਜਵਾਨ ਨਾਕੇ ’ਤੇ ਤਾਇਨਾਤ ਸਨ। ਹਮਲਾਵਰਾਂ ਨੇ ਅਚਾਨਕ ਫਾਇਰਿੰਗ ਕੀਤੀ, ਜਿਸ ਕਾਰਨ ਜਵਾਨਾਂ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਮਿਲਿਆ। ਘਟਨਾ ਦਾ ਪਤਾ ਸਵੇਰੇ ਉਸ ਵੇਲੇ ਲੱਗਾ ਜਦੋਂ ਸਥਾਨਕ ਲੋਕਾਂ ਨੇ ਨਾਕੇ ’ਤੇ ਖ਼ੂਨ ਨਾਲ ਲੱਥਪੱਥ ਲਾਸ਼ਾਂ ਦੇਖੀਆਂ।

ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਗੁਰਦਾਸਪੁਰ ਦੇ ਐੱਸ.ਐੱਸ.ਪੀ. ਆਦਿਤਿਆ ਅਤੇ ਬੀ.ਐੱਸ.ਐੱਫ. (BSF) ਦੇ ਡੀ.ਆਈ.ਜੀ. (DIG) ਭਾਰੀ ਪੁਲਿਸ ਫੋਰਸ ਦੇ ਨਾਲ ਮੌਕੇ ’ਤੇ ਪਹੁੰਚ ਗਏ ਹਨ। ਸਰਹੱਦੀ ਇਲਾਕਾ ਹੋਣ ਕਾਰਨ ਬੀ.ਐੱਸ.ਐੱਫ. ਨੇ ਵੀ ਜਾਂਚ ਵਿੱਚ ਸਹਿਯੋਗ ਦੇਣਾ ਸ਼ੁਰੂ ਕਰ ਦਿੱਤਾ ਹੈ। ਫੋਰੈਂਸਿਕ ਟੀਮਾਂ ਵੱਲੋਂ ਮੌਕੇ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ।

ਦੀਨਾਨਗਰ ਅਤੇ ਦੋਰੰਗਲਾ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ ਅਤੇ ਹਮਲਾਵਰਾਂ ਦੀ ਭਾਲ ਲਈ ਵੱਡੇ ਪੱਧਰ ’ਤੇ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਇਹ ਕਿਸੇ ਅੱਤਵਾਦੀ ਗਤੀਵਿਧੀ ਨਾਲ ਜੁੜਿਆ ਮਾਮਲਾ ਹੈ ਜਾਂ ਕੋਈ ਆਪਸੀ ਰੰਜਿਸ਼।