ਦਿੱਲੀ : ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਸ਼ਵਨੀ ਸੇਖੜੀ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿਚ ਭਾਜਪਾ ਨੂੰ ਜੁਆਇਨ ਕੀਤਾ। ਅਸ਼ਵਨੀ ਸੇਖੜੀ ਕਾਂਗਰਸ ਦੇ ਸੀਨੀਅਰ ਆਗੂ ਹਨ ਤੇ ਚਾਰ ਵਾਰ ਵਿਧਾਇਕ ਵੀ ਰਹਿ ਚੁੱਕੇ ਹਨ।
ਭਾਜਪਾ ਵਿਚ ਸ਼ਾਮਲ ਹੁੰਦਿਆਂ ਅਸ਼ਵਨੀ ਸੇਖੜੀ ਨੇ ਕਿਹਾ ਕਿ ਮੈਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ, ਮੈਂ ਉਸ ਨੂੰ ਪੂਰਾ ਕਰਾਂਗਾ, ਜੋ ਵੀ ਕੰਮ ਦਿੱਤਾ ਜਾਵੇਗਾ, ਮੈਂ ਉਸ ਨੂੰ ਬਾਖੂਬੀ ਨਿਭਾਵਾਂਗਾ। ਬਹੁਤ ਸਾਰੇ ਲੋਕ ਹਨ ਜੋ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ, ਹੌਲੀ-ਹੌਲੀ ਲੋਕ ਆ ਰਹੇ ਹਨ। ਅੱਜ ਮੈਂ ਆਇਆ ਹਾਂ, ਬਹੁਤ ਸਾਰੇ ਲੋਕ ਹਨ ਜੋ ਭਾਜਪਾ ਵਿੱਚ ਆਉਣਗੇ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਕਾਂਗਰਸ ਵਿੱਚ ਸਿਆਸੀ ਗੈਂਗ ਬਣੇ ਹੋਏ ਹਨ ਸਿਰਫ਼ ਉਨ੍ਹਾਂ ਨੂੰ ਹੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਅਤੇ ਪੰਜਾਬ ਦਾ ਹਰ ਬੱਚਾ ਜਾਣਦਾ ਹੈ ਕਿ ਉਹ ਗੈਂਗ ਕੌਣ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਅੰਦਰ ਮੇਰਾ ਦਮ ਘੁੱਟ ਰਿਹਾ ਸੀ। ਸਿਰਫ਼ ਇੱਕ ਪੂਰਾ ਪਰਿਵਾਰ ਹੈ ਜਿਸ ਨੂੰ ਅਹੁਦੇ ਦਿੱਤੇ ਜਾ ਰਹੇ ਹਨ, ਇਸ ਲਈ ਮੈਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਇਆ ਹਾਂ।