Punjab

ਅਸ਼ਵਨੀ ਸ਼ਰਮਾ ਨੇ ਸੰਭਾਲਿਆ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਦਾ ਅਹੁਦਾ

ਪੰਜਾਬ ਭਾਰਤੀ ਜਨਤਾ ਪਾਰਟੀ ਦੇ ਨਵ-ਨਿਯੁਕਤ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ 13 ਜੁਲਾਈ ਨੂੰ ਰਸਮੀ ਤੌਰ ‘ਤੇ ਆਪਣਾ ਅਹੁਦਾ ਸੰਭਾਲ ਲਿਆ। ਇਸ ਦੌਰਾਨ, ਪੰਜਾਬ ਭਾਜਪਾ ਵੱਲੋਂ ਚੰਡੀਗੜ੍ਹ ਵਿੱਚ ਇੱਕ ਇਕੱਠ ਦਾ ਆਯੋਜਨ ਕੀਤਾ ਗਿਆ। ਪ੍ਰਧਾਨ ਸੁਨੀਲ ਜਾਖੜ ਅਤੇ ਕੇਂਦਰੀ ਰਾਜ ਮੰਤਰੀ ਬਿੱਟੂ ਸਮੇਤ ਸਾਰੀ ਲੀਡਰਸ਼ਿਪ ਇਸ ਵਿੱਚ ਮੌਜੂਦ ਸੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ, ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਚੰਡੀਗੜ੍ਹ ਭਾਜਪਾ ਮੁਖੀ ਮੌਜੂਦ ਸਨ।

ਅਸ਼ਵਨੀ ਸ਼ਰਮਾ ਨੂੰ 7 ਜੁਲਾਈ ਨੂੰ ਪਾਰਟੀ ਵੱਲੋਂ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਉਹ ਪਠਾਨਕੋਟ ਤੋਂ ਵਿਧਾਇਕ ਹਨ ਅਤੇ ਪਹਿਲਾਂ ਦੋ ਵਾਰ ਪੰਜਾਬ ਭਾਜਪਾ ਦੇ ਪ੍ਰਧਾਨ ਰਹਿ ਚੁੱਕੇ ਹਨ। ਸੰਗਠਨਾਤਮਕ ਤਜਰਬੇ ਦੇ ਨਾਲ, ਉਹ ਉਨ੍ਹਾਂ ਚੋਣਵੇਂ ਨੇਤਾਵਾਂ ਵਿੱਚ ਵੀ ਸ਼ਾਮਲ ਸਨ ਜਿਨ੍ਹਾਂ ਨੇ 2022 ਦੀਆਂ ਮੁਸ਼ਕਲ ਚੋਣਾਂ ਜਿੱਤੀਆਂ ਸਨ, ਜਦੋਂ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਮਿਲਿਆ ਸੀ।

ਹੁਣ ਜਦੋਂ 2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਹਨ, ਤਾਂ ਪਾਰਟੀ ਨੇ ਉਨ੍ਹਾਂ ਨੂੰ ਦੁਬਾਰਾ ਕਮਾਨ ਸੌਂਪ ਕੇ ਸੰਗਠਨ ਵਿੱਚ ਤਾਕਤ ਅਤੇ ਏਕਤਾ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਪਾਰਟੀ ਨੂੰ ਉਮੀਦ ਹੈ ਕਿ ਅਸ਼ਵਨੀ ਸ਼ਰਮਾ ਦਾ ਤਜਰਬਾ ਭਾਜਪਾ ਨੂੰ ਪੰਜਾਬ ਵਿੱਚ ਇੱਕ ਨਵਾਂ ਰਾਜਨੀਤਿਕ ਸੰਤੁਲਨ ਬਣਾਉਣ ਵਿੱਚ ਮਦਦ ਕਰੇਗਾ।