Punjab

ਅਹੁਦਾ ਸੰਭਾਲਦਿਆਂ ਹੀ CM ਮਾਨ ’ਤੇ ਵਰ੍ਹੇ ਅਸ਼ਵਨੀ ਸ਼ਰਮਾ! ‘ਸੱਤਾ ਬਦਲਣ ਲਈ ਕਰਨਾ ਪੈਂਦਾ ਸੰਘਰਸ਼’

ਬਿਉਰੋ ਰਿਪੋਰਟ: ਪੰਜਾਬ ਭਾਰਤੀ ਜਨਤਾ ਪਾਰਟੀ ਦੇ ਨਵ-ਨਿਯੁਕਤ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ (ਐਤਵਾਰ) ਰਸਮੀ ਤੌਰ ’ਤੇ ਅਹੁਦਾ ਸੰਭਾਲ਼ ਲਿਆ ਹੈ। ਇਸ ਤੋਂ ਬਾਅਦ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ‘ਤੇ ਜ਼ੋਰਦਾਰ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ 3 ਸਾਲਾਂ ਤੋਂ ਪੰਜਾਬ ਵਿੱਚ ਸਰਕਾਰ ਨਹੀਂ ਸਰਕਸ ਚੱਲ ਰਹੀ ਹੈ। ਪਵਿੱਤਰ ਸਦਨ ਨੂੰ ਇਨ੍ਹਾਂ ਨੇ ਕੁੱਕੜ ਮੰਡੀ ਬਣਾ ਰੱਖਿਆ ਹੈ।

ਇਸ ਮੌਕੇ ਉਨ੍ਹਾਂ ਵਰਕਰਾਂ ਨੂੰ ਕਿਹਾ ਕਿ ਪਾਰਟੀ ਹਾਈਕਮਾਨ ਵੱਲੋਂ ਉਨ੍ਹਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਤੁਹਾਡੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੋ ਸਕਦੀ। ਨਾਅਰੇ ਲਗਾਉਣ ਨਾਲ ਸੱਤਾ ਨਹੀਂ ਬਦਲਦੀ, ਸੱਤਾ ਬਦਲਣ ਲਈ ਸੰਘਰਸ਼ ਕਰਨਾ ਪੈਂਦਾ ਹੈ। ਹੁਣ ਇਸ ਲਈ ਤਿਆਰ ਰਹੋ।

ਸੀਐਮ ਮਾਨ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ

ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦਫ਼ਤਰ ਵਿਖੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਇਸ ਬੇਕਾਰ ਮੁੱਖ ਮੰਤਰੀ ਤੋਂ ਬਦਲਾਅ ਚਾਹੁੰਦਾ ਹੈ। ਉਨ੍ਹਾਂ ਵਰਕਰਾਂ ਨੂੰ ਇਹ ਵੀ ਕਿਹਾ ਕਿ ਜੇਕਰ ਉਹ ‘ਤੂ-ਤੜੱਕ’ ਦੀ ਭਾਸ਼ਾ ਸਮਝਦਾ ਹੈ, ਤਾਂ ‘ਜੀ-ਜੀ’ ਕਹਿਣ ਦੀ ਕੋਈ ਲੋੜ ਨਹੀਂ ਹੈ। ‘ਤੂ’ ਨੂੰ ਦੁੱਗਣਾ ਕਰਕੇ ਵਾਪਸ ਭੇਜਣਾ ਪਵੇਗਾ।

ਸੀਐਮ ਮਾਨ ’ਤੇ ਤੰਜ਼ ਕੱਸਦਿਆਂ ਅਸ਼ਵਨੀ ਨੇ ਕਿਹੀ ਕਿ ਸੀਐਮ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਸ਼ਰਮਨਾਕ ਟਿੱਪਣੀਆਂ ਕੀਤੀਆਂ। ਛੱਜ ਤਾਂ ਬੋਲੇ, ਛਾਨਣੀ ਵੀ ਬੋਲੇ। ਸ਼ਰਾਬ ਪੀ ਕੇ ਡਿੱਗਣ ਵਾਲਾ ਵਿਅਕਤੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਨਿਕਲਿਆ ਹੈ, ਕੀ ਉਹ ਅਜਿਹੀ ਸਥਿਤੀ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਬਣਾ ਸਕਦਾ ਹੈ? ਜੋ ਵਿਅਕਤੀ ਸ਼ਰਾਬ ਪੀ ਕੇ ਗੁਰੂ ਘਰ ਜਾਂਦਾ ਹੈ, ਕੀ ਉਹ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾ ਸਕਦਾ ਹੈ?

ਉਨ੍ਹਾਂ ਕਿਹਾ, ‘ਮਾਨ ਸਾਹਿਬ, ਜੇਕਰ ਤੁਸੀਂ ਗਾਲ਼ ਦੀ ਭਾਸ਼ਾ ਬੋਲਦੇ ਹੋ, ਤਾਂ ਤੁਹਾਨੂੰ ਜਵਾਬ ਵੀ ਤੁਹਾਡੀ ਆਪਣੀ ਭਾਸ਼ਾ ਵਿੱਚ ਮਿਲੇਗਾ। ਭਾਰਤੀ ਜਨਤਾ ਪਾਰਟੀ ਤੁਹਾਡੇ ਤੋਂ ਨਹੀਂ ਡਰਦੀ।’ ਹਾਲਾਂਕਿ, ਉਨ੍ਹਾਂ ਵਰਕਰਾਂ ਨੂੰ ਕਿਹਾ ਕਿ ਉਹ ਧੱਕਾ-ਮੁੱਕੀ ਨਾ ਕਰਨ, ਸਭ ਨਾਲ ਮਿਲ ਕੇ ਚੱਲਣ।