‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਲਖੀਮਪੁਰ ਖੀਰੀ ਵਿਖੇ ਹੋਈ ਹਿੰਸਾ ਤੋਂ ਬਾਅਦ ਹੁਣ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ, ਉੱਸ ਨਾਲ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਉਹ ਦਾਅਵਾ ਝੂਠਾ ਹੋ ਗਿਆ ਹੈ, ਜਿਸ ਵਿੱਚ ਉਹ ਕਹਿ ਰਹੇ ਹਨ ਕਿ ਜੇਕਰ ਘਟਨਾ ਵਾਲੀ ਥਾਂ ਉੱਤੇ ਉਨ੍ਹਾਂ ਦਾ ਲੜਕਾ ਹੋਇਆ ਤਾਂ ਉਹ ਅਸਤੀਫਾ ਦੇ ਦੇਣਗੇ।
ਤਾਜਾ ਵੀਡੀਓ ਵਿੱਚ ਉਨ੍ਹਾਂ ਦਾ ਬੇਟਾ ਥਾਰ ਗੱਡੀ ਵਿੱਚੋਂ ਉੱਤਰ ਕੇ ਭੱਜਦਾ ਸਾਫ ਦਿਖਾਈ ਦੇ ਰਿਹਾ ਹੈ ਤੇ ਇਸ ਤੋਂ ਇਲਾਵਾ ਇਕ ਤਸਵੀਰ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਸਨੇ ਉਹੀ ਕੁੜਤਾ ਪਜਾਮਾ ਪਾਇਆ ਹੈ, ਜੋ ਉਸਨੇ ਥਾਰ ਗੱਡੀ ਵਿੱਚੋਂ ਭੱਜਦਿਆਂ ਪਾਇਆ ਹੋਇਆ ਸੀ। ਇਸ ਸਬੂਤ ਨਾਲ ਮੰਤਰੀ ਝੂਠਾ ਸਾਬਿਤ ਹੋ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਜੋ ਵੀਡੀਓ ਵਾਇਰਲ ਹੋ ਰਹੀ ਹੈ, ਉਸ ਨਾਲ ਇਸ ਘਟਨਾ ਦੇ ਕਈ ਖੁਲਾਸੇ ਹੋ ਰਹੇ ਹਨ।
ਦੱਸ ਦਈਏ ਕਿ ਲਖੀਮਪੁਰ ਵਾਪਰੀ ਹਿੰਸਾ ਦੀ ਘਟਨਾ ਨਾਲ ਜੁੜੀਆਂ ਕਈ ਵੀਡੀਓ ਵਾਇਰਲ ਹੋ ਰਹੀ ਹਨ। ਇਕ ਵੀਡੀਓ ਵਿੱਚ ਥਾਰ ਗੱਡੀ ਨਾਲ ਕਿਸਾਨਾਂ ਨੂੰ ਪਿੱਛੇ ਤੋਂ ਟੱਕਰ ਮਾਰਦਿਆਂ ਵੇਖਿਆ ਜਾ ਸਕਦਾ ਹੈ। ਇਸ ਹਾਦਸੇ ਵਿਚ ਚਾਰ ਕਿਸਾਨਾਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਇਕ ਵੀਡੀਓ ਵਿਚ ਕਿਸਾਨ ਸ਼ਾਂਤਮਈ ਪ੍ਰਦਰਸ਼ਨ ਕਰਦੇ ਦੇਖੇ ਜਾ ਸਕਦੇ ਹਨ। ਕਿਉਂ ਕਿ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਕਿਸਾਨਾਂ ਨੇ ਭੱਜਨੱਠ ਦਾ ਮਾਹੌਲ ਪੈਦਾ ਕੀਤਾ ਹੈ।
ਇਹ ਵੀ ਜ਼ਿਕਰਯੋਗ ਹੈ ਕਿ ਲਖੀਮਪੁਰ ਖੀਰੀ ਮਾਮਲੇ ‘ਚ ਐੱਫਆਈਆਰ ਵੀ ਦਰਜ ਕਰ ਲਈ ਗਈ ਹੈ। ਐਫਆਈਆਰ ਦੀ ਕਾਪੀ ਮੁਤਾਬਿਕ ਇਸ ‘ਚ ਕਤਲ ਦੀ ਧਾਰਾ 302, 304-ਏ ਸਣੇ 8 ਧਾਰਾਵਾਂ ਲਗਾਈਆਂ ਗਈਆਂ ਹਨ। ਐੱਫਆਈਆਰ ਦੀ ਕਾਪੀ ਦੇ ਮੁਤਾਬਿਕ ਕਿਸਾਨਾਂ ਉੱਤੇ ਗੋਲੀਆਂ ਚਲਾਉਂਦਾ ਹੋਇਆ ਦੋਸ਼ੀ ਅਸ਼ੀਸ਼ ਮਿਸ਼ਰਾ ਭੱਜ ਗਿਆ ਸੀ। ਅਸ਼ੀਸ਼ ਮਿਸ਼ਰਾ ਮੋਨੂੰ ਦੇ ਖਿਲਾਫ ਤਿਕੋਣੀਆ ਪੁਲਿਸ ਸਟੇਸ਼ਨ ਖੀਰੀ ਵਿਚ ਇਹ ਮਾਮਲਾ ਦਰਜ ਕੀਤਾ ਗਿਆ ਹੈ। ਇਸ ਵੱਲੋਂ ਸ਼ਹੀਦ ਕਿਸਾਨਾਂ ਨੂੰ ਧਮਕੀਆਂ ਵੀ ਦਿੱਤੀ ਗਈ ਸਨ।