India Punjab

ਇਸ ਸੂਬੇ ਵਿੱਚ ਆ ਗਈ 5 ਹਜ਼ਾਰ ਰੁੱਖਾਂ ਦੀ ਸ਼ਾਮਤ

‘ਦ ਖ਼ਾਲਸ ਟੀਵੀ ਬਿਊਰੋ:- ਆਸਾਮ ‘ਚ 5 ਹਜ਼ਾਰ ਰੁੱਖਾਂ ਉੱਤੇ ਆਰੀ ਲਟਕ ਰਹੀ ਹੈ। ਜਾਣਕਾਰੀ ਅਨੁਸਾਰ ਸਰਕਾਰ ਨੇ ਦਬਕਾ, ਹੋਜਈ ‘ਚ ਖੜ੍ਹੇ ਇਨ੍ਹਾਂ ਰੁੱਖਾਂ ਨੂੰ ਕੱਟਣ ਲਈ ਪ੍ਰਸਤਾਵ ਪੇਸ਼ ਕੀਤਾ ਹੈ ਤੇ ਸਥਾਨਕ ਲੋਕਾਂ ਨੇ ਇਸਦਾ ਵਿਰੋਧ ਵੀ ਵਿੰਢ ਦਿੱਤਾ ਹੈ। ਬੜੀ ਹੈਰਾਨੀ ਦੀ ਗੱਲ ਹੈ ਕਿ ਰੁੱਖ ਕੱਟਣ ਦੀ ਇਹ ਤਿਆਰੀ ਉਸ ਵੇਲੇ ਹੋ ਰਹੀ ਹੈ, ਜਦੋਂ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਇਸ ਖੇਤਰ ਨੂੰ ਆਪਣੇ ਲਪੇਟੇ ਵਿੱਚ ਲੈ ਰਹੇ ਹਨ।

ਈਸਟਮੋਜੋ ਦੀ ਰਿਪੋਰਟ ਦੀ ਮੰਨੀਏ ਤਾਂ ਆਸਾਮ ਨੇ ਇਸ ਵਾਰ ਘੱਟ ਮੀਂਹ ਦੀ ਮਾਰ ਝੱਲੀ ਹੈ ਤੇ ਉੱਪਰੋਂ ਦਰੱਖਤਾਂ ਉੱਤੇ ਵੀ ਇਹ ਖਤਰਾ ਲਟਕ ਰਿਹਾ ਹੈ। ਇਸਦਾ ਸਿੱਧੇ ਰੂਪ ਵਿੱਚ ਜਲਵਾਯੂ ਉੱਤੇ ਪੈਣਾ ਤੈਅ ਹੈ। ਯੂਨੀਵਰਸਿਟੀ ਆਫ਼ ਮੈਰੀਲੈਂਡ ਦੇ ਖੋਜਕਰਤਾਵਾਂ ਦੇ ਇੱਕ ਤਾਜ਼ਾ ਵਿਸ਼ਲੇਸ਼ਣ ਨੇ ਵੀ ਇਸਦਾ ਜਿਕਰ ਕੀਤਾ ਹੈ। ਉਸਦੇ ਅਨੁਸਾਰ ਪਿਛਲੇ 20 ਸਾਲਾਂ ਵਿੱਚ ਵੱਡੇ ਪੱਧਰ ‘ਤੇ ਜੰਗਲਾਂ ਦੀ ਕਟਾਈ ਅਤੇ ਜੰਗਲੀ ਸਰੋਤਾਂ ਦੀ ਬਰਬਾਦੀ ਨੇ ਆਸਾਮ ਦਾ 14.1 ਪ੍ਰਤੀਸ਼ਤ ਜੰਗਲੀ ਖੇਤਰ ਖਤਮ ਕਰਕੇ ਰੱਖ ਦਿੱਤਾ ਹੈ।

ਆਸਾਮ ਦੇ ਸਥਾਨਕ ਲੋਕ ਵਾਰ-ਵਾਰ ਮੈਰੀਲੈਂਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੁਆਰਾ ਕੀਤੇ ਗਏ ਹਾਲ ਹੀ ਦੇ ਸੈਟੇਲਾਈਟ ਅੰਕੜਿਆਂ ਦਾ ਹਵਾਲਾ ਦੇ ਰਹੇ ਹਨ ਤੇ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ 20 ਸਾਲਾਂ ਵਿੱਚ ਵੱਡੇ ਪੱਧਰ ‘ਤੇ ਜੰਗਲਾਂ ਦੀ ਕਟਾਈ ਅਤੇ ਜੰਗਲੀ ਸਰੋਤਾਂ ਦੀ ਤਬਾਹੀ ਕਾਰਨ ਅਸਾਮ ਨੇ ਆਪਣੇ ਹਰੇ ਕਵਰ ਦਾ 14.1 ਪ੍ਰਤੀਸ਼ਤ ਗੁਆ ਦਿੱਤਾ ਹੈ। ਇਹ ਅਜੇ ਵੀ ਸਪਸ਼ਟ ਨਹੀਂ ਹੈ ਕਿ ਕੀ ਇਸਦਾ ਪ੍ਰਭਾਵ ਮੁਲਾਂਕਣ ਕੀਤਾ ਗਿਆ ਸੀ ਕਿਉਂਕਿ ਇਹ ਪ੍ਰੋਜੈਕਟ ਅਜੇ ਵੀ ਸ਼ੁਰੂਆਤੀ ਪੜਾਅ ਵਿੱਚ ਹੈ ਤੇ ਅਸਾਮ ਦੇ ਜੰਗਲਾਤ ਵਿਭਾਗ ਵੱਲੋਂ ਅਜੇ ਤੱਕ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ।

ਕਿਉਂ ਲਿਆ ਸੂਬਾ ਸਰਕਾਰ ਨੇ ਫੈਸਲਾ
ਸੂਤਰਾਂ ਮੁਤਾਬਕ ਆਸਾਮ ਸਰਕਾਰ ਨੇ ਚਾਰ ਮਾਰਗੀ ਸੜਕ ਬਣਾਉਣ ਲਈ ਜੰਗਲਾਂ ਦੀ ਕਟਾਈ ਲਈ ਖਰੜਾ ਪ੍ਰਸਤਾਵ ਤਿਆਰ ਕੀਤਾ ਹੈ। ਹਾਲਾਂਕਿ ਜੰਗਲਾਤ ਵਿਭਾਗ ਨੇ ਅਜੇ ਤੱਕ ਕਟਾਈ ਦੀ ਮਨਜ਼ੂਰੀ ਨਹੀਂ ਦਿੱਤੀ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਇਲਾਕੇ ਦੇ ਦਰੱਖਤਾਂ ਦੀ ਕਟਾਈ ਲਈ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਜੰਗਲ ‘ਚ ਕਰੀਬ 600 ਸਥਾਨਕ ਲੋਕਾਂ ਦਾ ਘਰ ਹੈ। ਇਹ ਲੋਕ ਇਸ ਗੱਲ ਤੋਂ ਨਾਰਾਜ਼ ਹਨ ਕਿ ਵਿਭਾਗ ਨੇ ਵਾਤਾਵਰਣ ਨੂੰ ਖਰਾਬ ਕਰਨ ਦਾ ਫੈਸਲ ਲੈਣ ਤੋਂ ਪਹਿਲਾਂ ਉਨ੍ਹਾਂ ਨੂੰ ਪੁੱਛਣ ਦੀ ਲੋੜ ਹੀ ਮਹਿਸੂਸ ਨਹੀਂ ਕੀਤੀ।