India Punjab

ਹੁਣ ਕਿਹੜੀ ਗੱਲੋਂ ਪਰੇਸ਼ਾਨ ਹੋ ਕੇ ਲਿਖੀ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹੁਣ ਕੋਲੇ ਦੀ ਕਮੀ ਕਾਰਨ ਪਰੇਸ਼ਾਨੀ ਝੱਲ ਰਹੀ ਹੈ। ਕੇਜਰੀਵਾਲ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਇਸ ਬਾਰੇ ਚਿੱਠੀ ਲਿਖ ਕੇ ਸਾਰੀ ਜਾਣਕਾਰੀ ਦਿੱਤੀ। ਇਸ ਸੰਬੰਧੀ ਕੇਜਰੀਵਾਲ ਨੇ ਟਵੀਟ ਵੀ ਕੀਤਾ ਹੈ।
ਪ੍ਰਧਾਨਮੰਤਰੀ ਨੂੰ ਲਿਖੀ ਚਿੱਠੀ ਵਿੱਚ ਉਨ੍ਹਾਂ ਲਿਖਿਆ ਹੈ ਕਿ ਇਨ੍ਹਾਂ ਦਿਨਾਂ ਵਿੱਚ ਦਿੱਲੀ ਨੂੰ ਬਿਜਲੀ ਦਾ ਸੰਕਟ ਝੱਲਣਾ ਪੈ ਸਕਦਾ ਹੈ। ਦੇਸ਼ ਭਰ ਵਿੱਚ ਕੋਲੇ ਦੀ ਕਮੀ ਆ ਗਈ ਹੈ ਤੇ ਦਿੱਲੀ ਵੀ ਉਨ੍ਹਾਂ ਪਵਾਇੰਟਾਂ ਤੋਂ ਹੀ ਕੋਲਾ ਖਰੀਦ ਰਿਹਾ ਹੈ, ਜਿੱਥੋਂ ਬਾਕੀ ਸੂਬੇ ਖਰੀਦ ਰਹੇ ਹਨ।

ਮੁੱਖਮੰਤਰੀ ਕੇਜਰੀਵਾਲ ਨੇ ਇਸ ਮਸਲੇ ਵਿੱਚ ਪ੍ਰਧਾਨ ਮੰਤਰੀ ਦਾ ਦਖਲ ਮੰਗਿਆ ਹੈ। ਕੇਜਰੀਵਾਲ ਨੇ ਕਿਹਾ ਕਿ ਇਸ ਪਰੇਸ਼ਾਨੀ ਨੂੰ ਉਹ ਵਿਅਕਤੀਗਤ ਤਰੀਕੇ ਨਾਲ ਵੀ ਦੇਖ ਰਹੇ ਹਨ। ਉੱਧਰ ਦਿੱਲੀ ਦੇ ਊਰਜਾ ਮੰਤਰੀ ਸਤਿੰਦਰ ਜੈਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੌਜੂਦਾ ਸਥਿਤੀ ਨਾ ਸੁਧਰੀ ਤਾਂ ਰਾਜਧਾਨੀ ਵਿੱਚ ਅਗਲੇ ਦੋ ਦਿਨਾਂ ਅੰਦਰ ਬਲੈਕਆਉਟ ਦੇ ਹਾਲਾਤ ਬਣ ਸਕਦੇ ਹਨ। ਉਨ੍ਹਾਂ ਨੇ ਬਿਜਲੀ ਦੀ ਕਮੀ ਦੀ ਤੁਲਨਾ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਪੈਦਾ ਹੋਈ ਆਕਸੀਜਨ ਦੇ ਸਿੰਲਡਰਾਂ ਦੀ ਕਮੀ ਨਾਲ ਕੀਤੀ ਹੈ।

ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਕੇਂਦਰ ਨੇ ਬਵਾਨਾ ਪਾਵਰ ਪਲਾਂਟ ਦੀ ਗੈਸ ਸਪਲਾਈ ਬੰਦ ਕਰ ਦਿੱਤੀ ਸੀ। ਇਸ ਤੋਂ ਬਾਅਦ ਜਦੋਂ ਸੂਬਾ ਸਰਕਾਰ ਨੇ ਇਸ ਸੰਬੰਧ ਵਿੱਚ ਦਖਲ ਦਿੱਤਾ ਤਾਂ ਜਾ ਕੇ ਇਸ ਨੂੰ ਮੁੜ ਤੋਂ ਸ਼ੁਰੂ ਕੀਤਾ ਗਿਆ। ਸਤਿੰਦਰ ਜੈਨ ਨੇ ਸ਼ਨੀਵਾਰ ਨੂੰ ਬਿਜਲੀ ਵਿਭਾਗ ਤੇ ਐਨਰਜੀ ਕੰਪਨੀਆਂ ਦੇ ਅਧਿਕਾਰੀਆਂ ਨਾਲ ਬੈਠਕ ਵੀ ਕੀਤੀ ਹੈ। ਇਹ ਵੀ ਦੱਸ ਦਈਏ ਕਿ ਦਿੱਲੀ ਨੂੰ ਆਪਣੀ ਜਰੂਰਤ ਦੀ ਬਿਜਲੀ ਦਾ ਇਕ ਵੱਡਾ ਹਿੱਸਾ ਦਾਦਰੀ ਸਥਿਤ ਐਨਟੀਪੀਸੀ ਪਲਾਂਟ ਅਤੇ ਝੱਜਰ ਸਥਿਤ ਥਰਮਲ ਪਾਵਰ ਤੋਂ ਮਿਲਦਾ ਹੈ। ਦਿੱਲੀ ਵਿੱਚ ਆਪਣਾ ਕੋਈ ਧਰਮਲ ਪਲਾਂਟ ਨਹੀਂ ਹੈ।